ਡੈਲਟਾ ਵਿੱਚ ਸਾਹਮਣੇ ਆਇਆ ਇੱਕ ਕਾਰੋਬਾਰੀ ਸਥਾਨ ਵਿੱਚ ਗੁਪਤ ਰਿਕਾਰਡਿੰਗ ਡਿਵਾਈਸ ਲਗਾਉਣ ਦਾ ਮਾਮਲੇ

ਡੈਲਟਾ ਪੁਲਿਸ ਇੱਕ ਕਾਰੋਬਾਰੀ ਸਥਾਨ ਦੇ ਕਰਮਚਾਰੀਆਂ ਲਈ ਬਣੇ ਵਾਸ਼ਰੂਮ ਵਿੱਚ ਕਥਿਤ ਗੁਪਤ ਰਿਕਾਰਡਿੰਗ ਡਿਵਾਈਸ ਲਗਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਮੀਡਿਆ ਅਦਾਰੇ ਮੁਤਾਬਕ ਇਹ ਸਥਾਨ FedEx ਦਾ ਟਿਲਬਰੀ ਸਥਿਤ ਡਿਪੋ ਹੈ।

ਪੁਲਿਸ ਨੇ ਦੱਸਿਆ ਕਿ 7 ਜੁਲਾਈ ਨੂੰ ਇੱਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਾਂਚ ਜਾਰੀ ਰਹਿਣ ਤੱਕ ਸ਼ਰਤਾਂ 'ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੌਜੂਦਾ ਜਾਣਕਾਰੀ ਅਨੁਸਾਰ ਇਹ ਮਾਮਲਾ ਸਿਰਫ਼ ਇਸੇ ਕਾਰਜਸਥਲ ਤੱਕ ਸੀਮਿਤ ਲੱਗਦਾ ਹੈ ਅਤੇ ਆਮ ਲੋਕਾਂ ਲਈ ਕਿਸੇ ਵੱਡੇ ਖ਼ਤਰੇ ਦੇ ਸੰਕੇਤ ਨਹੀਂ ਹਨ। FedEx ਨੇ ਬਿਆਨ ਵਿੱਚ ਕਿਹਾ ਕਿ ਦੋਸ਼ੀ ਕਰਮਚਾਰੀ ਦੀ ਨੌਕਰੀ ਖਤਮ ਕਰ ਦਿੱਤੀ ਗਈ ਹੈ, ਪੁਲਿਸ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ, ਸੁਰੱਖਿਆ ਉਪਾਅ ਮਜ਼ਬੂਤ ਕੀਤੇ ਗਏ ਹਨ ਅਤੇ ਪ੍ਰਭਾਵਿਤ ਕਰਮਚਾਰੀਆਂ ਲਈ ਕਾਊਂਸਲਿੰਗ ਅਤੇ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ। ਕੌਰ ਮੂਵਮੈਂਟ ਫਾਊਂਡੇਸ਼ਨ ਦੀ ਸੰਸਥਾਪਕ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕੁਝ ਮਹਿਲਾਵਾਂ ਉਨ੍ਹਾਂ ਕੋਲ ਮਦਦ ਲਈ ਪਹੁੰਚੀਆਂ। ਉਨ੍ਹਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਕਥਿਤ ਤੌਰ 'ਤੇ ਇੰਟਰਨੈੱਟ 'ਤੇ ਅਪਲੋਡ ਕੀਤੀਆਂ ਵੀਡੀਓਜ਼ ਵੀ ਦੇਖੀਆਂ, ਜਿਨ੍ਹਾਂ ਵਿੱਚ ਮਹਿਲਾਵਾਂ ਦੀ ਨਿੱਜਤਾ ਦਾ ਗੰਭੀਰ ਉਲੰਘਣ ਹੋਇਆ ਸੀ। ਉਨ੍ਹਾਂ ਮੁਤਾਬਕ ਇਹ ਵੀਡੀਓਜ਼ ਹੁਣ ਹਟਾ ਦਿੱਤੀਆਂ ਗਈਆਂ ਹਨ। ਗੁਰਪ੍ਰੀਤ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ ਮਹਿਲਾ ਕਰਮਚਾਰੀਆਂ ਨੇ ਪਿਛਲੇ ਦੋ ਸਾਲਾਂ ਦੌਰਾਨ ਕਈ ਵਾਰ ਸ਼ੱਕੀ ਵਿਅਕਤੀ ਬਾਰੇ ਸ਼ਿਕਾਇਤਾਂ ਕੀਤੀਆਂ ਸਨ, ਪਰ ਸਮੇਂ ਸਿਰ ਕਾਰਵਾਈ ਨਹੀਂ ਹੋਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਨਿੱਜਤਾ ਦੀ ਉਮੀਦ ਹੋਵੇ, ਉੱਥੇ ਕਿਸੇ ਵੀ ਸ਼ੱਕੀ ਡਿਵਾਈਸ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਇਸ ਲੇਖ ਨੂੰ ਸਾਂਝਾ ਕਰੋ: