ਬਿਸ਼ਨੋਈ ਗੈਂਗ ਦਾ ਇੱਕ ਹੋਰ ਮੈਂਬਰ ਹੋਵੇਗਾ ਕੈਨੇਡਾ ਤੋਂ ਡਿਪੋਰਟ ?

ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਦੇ ਵਕੀਲ ਫੈਡਰਲ ਕੋਰਟ ਵਿੱਚ ਅਪੀਲ ਕਰਨਗੇ ਕਿ ਬਿਸ਼ਨੋਈ ਗੈਂਗ ਨਾਲ ਕਥਿਤ ਤੌਰ ’ਤੇ ਜੁੜੇ ਕਰਮਵੀਰ ਸਿੰਘ ਨੂੰ ਹਿਰਾਸਤ ਵਿੱਚ ਰੱਖਿਆ ਜਾਵੇ। ਕਰਮਵੀਰ ਸਿੰਘ ਭਾਰਤ ਵਿੱਚ 2012 ਦੇ ਕਤਲ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੈਨੇਡਾ ਸਰਕਾਰ ਉਸ ਨੂੰ ਦੇਸ਼ ਤੋਂ ਬਾਹਰ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਐਫਬੀਆਈ ਦੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੈਂਗ ਲੀਡਰ ਲਾਰੈਂਸ ਬਿਸ਼ਨੋਈ ਨੇ ਕਰਮਵੀਰ ਸਿੰਘ ਨੂੰ ਕੈਲੀਫੋਰਨੀਆ ਵਿੱਚ ਆਪਣੇ ਭਰਾ ਅਨਮੋਲ ਬਿਸ਼ਨੋਈ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਿੱਤੀ ਸੀ। ਦਸਤਾਵੇਜ਼ਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਰਮਵੀਰ ਸਿੰਘ ਦੀਆਂ ਤਸਵੀਰਾਂ ਅਨਮੋਲ ਬਿਸ਼ਨੋਈ ਅਤੇ ਗੈਂਗ ਦੇ ਇੱਕ ਹੋਰ ਮੈਂਬਰ ਲਖਵਿੰਦਰ ਕੁਮਾਰ ਨਾਲ ਕੈਲੀਫੋਰਨੀਆ ਦੀ ਇੱਕ ਰਿਹਾਇਸ਼ ’ਤੇ ਮਿਲੀਆਂ ਹਨ। ਸਰਕਾਰ ਦਾ ਦੋਸ਼ ਹੈ ਕਿ ਕਰਮਵੀਰ ਸਿੰਘ ਦਾ 2024 ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵਿਕਟੋਰੀਆ ਸਥਿਤ ਘਰ ’ਤੇ ਹੋਏ ਗੋਲੀਬਾਰੀ ਅਤੇ ਅੱਗਜ਼ਨੀ ਹਮਲੇ ਨਾਲ ਵੀ ਸਬੰਧ ਹੋ ਸਕਦਾ ਹੈ। ਇਮੀਗ੍ਰੇਸ਼ਨ ਬੋਰਡ ਨੇ ਪਹਿਲਾਂ ਕਰਮਵੀਰ ਸਿੰਘ ਨੂੰ ਇਲੈਕਟ੍ਰਾਨਿਕ ਨਿਗਰਾਨੀ ਹੇਠ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ, ਪਰ ਸਰਕਾਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ। ਦੂਜੇ ਪਾਸੇ, ਕਰਮਵੀਰ ਸਿੰਘ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਭਾਰਤ ਵਿੱਚ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਅਤੇ ਬਿਸ਼ਨੋਈ ਗੈਂਗ ਨਾਲ ਉਸ ਦੇ ਸਿਰਫ਼ ਜਾਣ-ਪਛਾਣ ਦੇ ਸਬੰਧ ਸਨ। ਉਸ ਨੇ ਕਿਹਾ ਕਿ ਅਨਮੋਲ ਬਿਸ਼ਨੋਈ ਨਾਲ ਮਿਲਣਾ ਉਸ ਦੀ ਵੱਡੀ ਗਲਤੀ ਸੀ।

ਇਸ ਲੇਖ ਨੂੰ ਸਾਂਝਾ ਕਰੋ: