ਵੈਨਕੂਵਰ ਦਾ ਬ੍ਰੌਡਵੇ ਸਬਵੇਅ ਪ੍ਰਾਜੈਕਟ ਇੱਕ ਵਾਰ ਫਿਰ ਸਥਾਨਕ ਕਾਰੋਬਾਰਾਂ ਦੀਆਂ ਵਧਾ ਰਿਹਾ ਹੈ ਮੁਸ਼ਕਲਾਂ
ਵੈਨਕੂਵਰ ਦਾ ਬ੍ਰੌਡਵੇ ਸਬਵੇਅ ਪ੍ਰਾਜੈਕਟ ਇੱਕ ਵਾਰ ਫਿਰ ਸਥਾਨਕ ਕਾਰੋਬਾਰਾਂ ਲਈ ਮੁਸ਼ਕਲਾਂ ਵਧਾ ਰਿਹਾ ਹੈ। ਈਸਟ ਬ੍ਰੌਡਵੇ ਦੇ ਕੁਝ ਹਿੱਸੇ ਨੂੰ ਚਾਰ ਲੇਨਾਂ ਲਈ ਖੋਲ੍ਹਣ ਤੋਂ ਬਾਅਦ ਹੁਣ ਵੈਸਟ ਬ੍ਰੌਡਵੇ ’ਤੇ ਲੰਬੇ ਸਮੇਂ ਲਈ ਟ੍ਰੈਫਿਕ ਬੰਦ ਕੀਤਾ ਜਾ ਰਿਹਾ ਹੈ।
20 ਜੁਲਾਈ ਤੋਂ ਵੈਸਟ ਬ੍ਰੌਡਵੇ, ਕੈਂਬੀ ਸਟਰੀਟ ਤੋਂ ਅਲਬਰਟਾ ਸਟਰੀਟ ਤੱਕ, ਵਾਹਨਾਂ ਲਈ ਲਗਭਗ ਛੇ ਮਹੀਨੇ ਲਈ ਬੰਦ ਰਹੇਗਾ। ਇਹ ਕੰਮ ਮਿਲੇਨੀਅਮ ਲਾਈਨ ਦੇ ਬ੍ਰੌਡਵੇ ਸਿਟੀ ਹਾਲ ਸਟੇਸ਼ਨ ਦੀ ਉਸਾਰੀ ਪੂਰੀ ਕਰਨ ਲਈ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੜਕ ਮੁੜ ਪੱਕੀ ਬਣਾਉਣ ਅਤੇ ਟ੍ਰੈਫਿਕ ਡੈਕ ਹਟਾਉਣ ਦਾ ਕੰਮ ਸ਼ਾਮਲ ਹੈ।
ਸਥਾਨਕ ਕਾਰੋਬਾਰੀ ਕਹਿੰਦੇ ਹਨ ਕਿ ਪ੍ਰਾਜੈਕਟ ਕਾਰਨ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਨੁਕਸਾਨ ਝੱਲਣਾ ਪੈ ਰਿਹਾ ਹੈ। ਸੁਸ਼ੀ ਕੈਲੀਫੋਰਨੀਆ ਰੈਸਟੋਰੈਂਟ ਦੇ ਮਾਲਕ ਮਿਨਹੋ ਲੀ ਮੁਤਾਬਕ ਪ੍ਰਾਜੈਕਟ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੇ ਮੁਨਾਫੇ ਵਿੱਚ ਲਗਭਗ 60 ਫੀਸਦੀ ਦੀ ਕਮੀ ਆਈ ਹੈ।
ਬ੍ਰੌਡਵੇ ਲਾਕਸਮਿਥ ਵਰਗੇ ਕਾਰੋਬਾਰ ਖੁੱਲ੍ਹੇ ਰਹਿਣਗੇ, ਪਰ ਮਾਲਕਾਂ ਦਾ ਕਹਿਣਾ ਹੈ ਕਿ ਪਾਰਕਿੰਗ ਦੀ ਕਮੀ ਕਾਰਨ ਗਾਹਕਾਂ ਨੂੰ ਆਉਣ ਵਿੱਚ ਮੁਸ਼ਕਲ ਹੋਵੇਗੀ। ਟ੍ਰੈਫਿਕ ਨੂੰ ਅਸਥਾਈ ਤੌਰ ’ਤੇ 8th ਐਵੇਨਿਊ ਵੱਲ ਮੋੜਿਆ ਜਾਵੇਗਾ। ਇਸ ਤੋਂ ਇਲਾਵਾ 16 ਜੁਲਾਈ ਤੋਂ ਬ੍ਰੌਡਵੇ ਸਿਟੀ ਹਾਲ ਸਟੇਸ਼ਨ ਨੇੜੇ ਬੱਸ ਸੇਵਾਵਾਂ ਵਿੱਚ ਵੀ ਬਦਲਾਅ ਹੋਵੇਗਾ। 99 ਬੀ-ਲਾਈਨ, 9 ਅਤੇ ਐਨ9 ਬੱਸ ਰੂਟ ਅਗਲੇ ਛੇ ਮਹੀਨਿਆਂ ਲਈ ਪ੍ਰਭਾਵਿਤ ਰਹਿਣਗੇ।