ਪੂਰਾ ਗ੍ਰੇਟਰ ਟੋਰਾਂਟੋ ਏਰੀਆ ਜੰਗਲੀ ਅੱਗਾਂ ਦੇ ਧੂੰਏ ਦੀ ਲਪੇਟ ਵਿੱਚ
ਟੋਰਾਂਟੋ ਅਤੇ ਪੂਰੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਜੰਗਲਾਂ ਦੀ ਅੱਗ ਦਾ ਧੂੰਆਂ ਅਜੇ ਵੀ ਛਾਇਆ ਹੋਇਆ ਹੈ ਅਤੇ ਇਨਵਾਇਰਨਮੈਂਟ ਕੈਨੇਡਾ ਵੱਲੋਂ ਆਰੇਂਜ ਪੱਧਰ ਦੀ ਹਵਾ ਗੁਣਵੱਤਾ ਚੇਤਾਵਨੀ ਜਾਰੀ ਹੈ। ਵੀਰਵਾਰ ਸਵੇਰੇ air quality index 10 ਪਲੱਸ, ਯਾਨੀ ਬਹੁਤ ਉੱਚੇ ਖ਼ਤਰੇ ਦੇ ਪੱਧਰ 'ਤੇ ਦਰਜ ਕੀਤਾ ਗਿਆ। ਉੱਤਰ-ਪੱਛਮੀ ਓਨਟਾਰੀਓ ਦੀਆਂ ਜੰਗਲੀ ਅੱਗਾਂ ਤੋਂ ਆ ਰਿਹਾ ਧੂੰਆਂ ਦੱਖਣੀ ਓਨਟਾਰੀਓ ਵਿੱਚ ਮਾੜੀ ਹਵਾ ਅਤੇ ਘੱਟ visibility ਦਾ ਕਾਰਨ ਬਣਿਆ ਹੋਇਆ ਹੈ। ਇਨਵਾਇਰਨਮੈਂਟ ਕੈਨੇਡਾ ਨੇ ਲੋਕਾਂ ਨੂੰ ਬਾਹਰ ਘੱਟ ਸਮਾਂ ਬਿਤਾਉਣ, ਬਾਹਰੀ ਗਤੀਵਿਧੀਆਂ ਰੱਦ ਜਾਂ ਮੁਲਤਵੀ ਕਰਨ ਅਤੇ ਲੋੜ ਪੈਣ 'ਤੇ N95 ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। IQAir ਅਨੁਸਾਰ ਵੀਰਵਾਰ ਸਵੇਰੇ ਟੋਰਾਂਟੋ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦੂਜੇ ਸਥਾਨ 'ਤੇ ਰਿਹਾ। ਧੂੰਏਂ ਕਾਰਨ ਟੋਰਾਂਟੋ ਦੇ ਕਈ ਬਾਹਰੀ ਸਵਿਮਿੰਗ ਪੂਲ, ਕੈਂਪ ਅਤੇ ਹੋਰ ਆਊਟਡੋਰ ਪ੍ਰੋਗਰਾਮ ਬੰਦ ਕਰ ਦਿੱਤੇ ਗਏ ਹਨ, ਜਦਕਿ ਲੋਕਾਂ ਲਈ ਛੇ ਕਲੀਨ ਏਅਰ ਸੈਂਟਰ ਵੀ ਖੋਲ੍ਹੇ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੰਗਲੀ ਅੱਗ ਦਾ ਧੂੰਆਂ ਹੁਣ ਹਰ ਸਾਲ ਦੇ ਫਾਇਰ ਸੀਜ਼ਨ ਦਾ ਨਵਾਂ ਆਮ ਰੁਝਾਨ ਬਣਦਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਸਾਹ ਜਾਂ ਦਿਲ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਵੱਧ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।