ਸਕੂਲਾਂ ਵਿੱਚ AI ਦੀ ਵੱਧ ਰਹੀ ਵਰਤੋਂ ਕਾਰਨ ਅਧਿਆਪਕਾਂ ਵਿੱਚ ਵਧੀ ਚਿੰਤਾ

ਨਵੇਂ ਸਕੂਲ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖਿਆ ਦੇ ਖੇਤਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ, ਭਾਵ A.I., ਦੀ ਵਰਤੋਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਬੀ.ਸੀ. ਟੀਚਰਜ਼ ਫੈਡਰੇਸ਼ਨ ਦੇ ਇੱਕ ਸਰਵੇ ਮੁਤਾਬਕ, 80 ਫੀਸਦੀ ਤੋਂ ਵੱਧ ਅਧਿਆਪਕਾਂ ਨੂੰ ਚਿੰਤਾ ਹੈ ਕਿ ਵਿਦਿਆਰਥੀ ChatGPT ਵਰਗੇ ਏ.ਆਈ. ਪਲੇਟਫਾਰਮਾਂ ’ਤੇ ਬਹੁਤ ਜ਼ਿਆਦਾ ਨਿਰਭਰ ਹੋ ਸਕਦੇ ਹਨ। ਕਈ ਅਧਿਆਪਕਾਂ ਦਾ ਮੰਨਣਾ ਹੈ ਕਿ ਇਸ ਨਾਲ ਵਿਦਿਆਰਥੀਆਂ ਦੀ ਸੋਚਣ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।

ਹਾਲਾਂਕਿ, ਕੁਝ ਅਧਿਆਪਕਾਂ ਦਾ ਕਹਿਣਾ ਹੈ ਕਿ ਏ.ਆਈ. ਨੂੰ ਪੂਰੀ ਤਰ੍ਹਾਂ ਰੋਕਣਾ ਹੱਲ ਨਹੀਂ ਹੈ। ਲੈਂਗਵੇਜ ਵਿਭਾਗ ਦੀ ਅਧਿਆਪਕਾ ਗੁਰਪ੍ਰੀਤ ਬੈਂਸ ਮੁਤਾਬਕ, ਵਿਦਿਆਰਥੀਆਂ ਵਿੱਚ ਏ.ਆਈ. ਦੀ ਮਦਦ ਨਾਲ ਅਸਾਈਨਮੈਂਟ ਤਿਆਰ ਕਰਨ ਕਾਰਨ ਅਕਾਦਮਿਕ ਬੇਈਮਾਨੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਪਰ ਉਹ ਕਹਿੰਦੀ ਹੈ ਕਿ ਬੱਚਿਆਂ ਨੂੰ ਏ.ਆਈ. ਦੀ ਸਹੀ ਅਤੇ ਜ਼ਿੰਮੇਵਾਰ ਵਰਤੋਂ ਸਿਖਾਉਣੀ ਜ਼ਰੂਰੀ ਹੈ।

ਅਧਿਆਪਕ ਸਾਈਮਨ ਵਰਲੇ ਵੀ ਕਹਿੰਦੇ ਹਨ ਕਿ ਏ.ਆਈ. ਭਵਿੱਖ ਦਾ ਮਹੱਤਵਪੂਰਨ ਟੂਲ ਹੈ ਅਤੇ ਇਸ ਦੀ ਵਰਤੋਂ ਵਿਦਿਆਰਥੀਆਂ ਦੀ ਸੋਚ ਨੂੰ ਬਦਲਣ ਦੀ ਬਜਾਏ ਹੋਰ ਮਜ਼ਬੂਤ ਕਰਨ ਲਈ ਹੋਣੀ ਚਾਹੀਦੀ ਹੈ। BCTF ਦਾ ਕਹਿਣਾ ਹੈ ਕਿ ਏ.ਆਈ. ਅਤੇ ਡਿਜੀਟਲ ਲਿਟਰੇਸੀ ਨਾਲ ਜੁੜੀਆਂ ਨੀਤੀਆਂ ਬਣਾਉਣ ਸਮੇਂ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: