ਕੈਨੇਡਾ ਵਿੱਚ ਪੁਰਾਣੀਆਂ ਕਿਤਾਬਾਂ ਦੀ ਵੱਡੀ ਮੰਗ, AI ਟ੍ਰੇਨਿੰਗ ਨੂੰ ਲੈ ਕੇ ਵਧਿਆ ਸ਼ੱਕ
ਕੈਨੇਡਾ ਦੇ ਪੁਰਾਣੀਆਂ ਕਿਤਾਬਾਂ ਵੇਚਣ ਵਾਲੇ ਕਾਰੋਬਾਰੀ ਇਨ੍ਹੀਂ ਦਿਨੀਂ ਵੱਡੀ ਗਿਣਤੀ ਵਿੱਚ ਹੋ ਰਹੇ ਰਹੱਸਮਈ ਬਲਕ ਆਰਡਰਾਂ ਨੂੰ ਲੈ ਕੇ ਚਿੰਤਤ ਹਨ। ਕਈ ਬੁੱਕਸੈਲਰਜ਼ ਨੂੰ ਸ਼ੱਕ ਹੈ ਕਿ ਇਹ ਕਿਤਾਬਾਂ AI ਮਾਡਲਾਂ ਦੀ ਟ੍ਰੇਨਿੰਗ ਲਈ ਖਰੀਦੀਆਂ ਜਾ ਰਹੀਆਂ ਹਨ ਅਤੇ ਬਾਅਦ ਵਿੱਚ ਸਕੈਨ ਕਰਨ ਤੋਂ ਬਾਅਦ ਨਸ਼ਟ ਕਰ ਦਿੱਤੀਆਂ ਜਾਂਦੀਆਂ ਹਨ।
ਇਹ ਚਿੰਤਾ ਉਸ ਸਮੇਂ ਵਧੀ ਜਦੋਂ ਅਮਰੀਕੀ AI ਕੰਪਨੀ Anthropic ਨਾਲ ਜੁੜੇ ਇੱਕ ਕਾਪੀਰਾਈਟ ਕੇਸ ਵਿੱਚ ਸਾਹਮਣੇ ਆਇਆ ਕਿ ਕੰਪਨੀ ਨੇ AI ਮਾਡਲ Claude ਦੀ ਟ੍ਰੇਨਿੰਗ ਲਈ ਲੱਖਾਂ ਪੁਰਾਣੀਆਂ ਕਿਤਾਬਾਂ ਖਰੀਦੀਆਂ। ਇਨ੍ਹਾਂ ਕਿਤਾਬਾਂ ਦੀ ਤੇਜ਼ੀ ਨਾਲ ਸਕੈਨਿੰਗ ਕਰਨ ਲਈ ਉਨ੍ਹਾਂ ਦੀਆਂ ਰੀੜ੍ਹਾਂ ਕੱਟ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਕਿਤਾਬਾਂ ਨੂੰ ਸੁੱਟ ਦਿੱਤਾ ਗਿਆ।
ਟੋਰਾਂਟੋ ਦੇ ਇੱਕ ਬੁੱਕਸੈਲਰ Peter Sellers ਨੇ ਦੱਸਿਆ ਕਿ ਜੂਨ ਤੋਂ ਉਸ ਨੂੰ ਅਜਿਹੇ ਬਲਕ ਆਰਡਰ ਮਿਲਣ ਲੱਗੇ, ਜਿਨ੍ਹਾਂ ਵਿੱਚ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਵੱਖ-ਵੱਖ ਕਿਸਮਾਂ ਦੀਆਂ ਕਿਤਾਬਾਂ ਮੰਗੀਆਂ ਜਾ ਰਹੀਆਂ ਸਨ।
ਬ੍ਰਿਟਿਸ਼ ਕੋਲੰਬੀਆ ਦੀ ਕੰਪਨੀ Zoom Books ਦਾ ਨਾਮ ਵੀ ਅਜਿਹੇ ਆਰਡਰਾਂ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ, ਕੰਪਨੀ ਨੇ ਕਿਹਾ ਹੈ ਕਿ ਉਹ ਕਿਤਾਬਾਂ ਨੂੰ intact ਹਾਲਤ ਵਿੱਚ ਦੁਬਾਰਾ ਵੇਚਦੀ ਹੈ ਅਤੇ ਉਨ੍ਹਾਂ ਨੂੰ ਡਿਜ਼ੀਟਲ ਸਕੈਨ ਨਹੀਂ ਕਰਦੀ।
ਬੁੱਕਸੈਲਰਜ਼ ਦਾ ਕਹਿਣਾ ਹੈ ਕਿ ਕਿਤਾਬਾਂ ਵੇਚਣਾ ਉਨ੍ਹਾਂ ਦਾ ਕਾਰੋਬਾਰ ਹੈ, ਪਰ ਜੇਕਰ ਕਿਤਾਬਾਂ ਸਿਰਫ਼ AI ਟ੍ਰੇਨਿੰਗ ਲਈ ਖਰੀਦ ਕੇ ਨਸ਼ਟ ਕੀਤੀਆਂ ਜਾ ਰਹੀਆਂ ਹਨ ਤਾਂ ਇਹ ਚਿੰਤਾ ਦਾ ਵਿਸ਼ਾ ਹੈ।