ਟੋਰਾਂਟੋ ਵਿੱਚ Air Quality ਅੱਜ ਰਹੀ ਕੁੱਲ ਦੁਨੀਆ ਵਿੱਚ ਸਭ ਤੋਂ ਖਰਾਬ
ਟੋਰਾਂਟੋ ਵਿੱਚ ਜੰਗਲਾਂ ਦੀਆਂ ਅੱਗਾਂ ਤੋਂ ਉੱਠੇ ਧੂੰਏਂ ਨੇ ਅਸਮਾਨ ਨੂੰ ਸੰਤਰੀ ਰੰਗ ਦੀ ਧੁੰਦ ਨਾਲ ਢੱਕ ਦਿੱਤਾ ਹੈ, ਜਿਸ ਕਾਰਨ ਸ਼ਹਿਰ ਦੀ ਹਵਾ ਦੀ ਗੁਣਵੱਤਾ ਦੁਨੀਆ ਵਿੱਚ ਸਭ ਤੋਂ ਖਰਾਬ ਦਰਜ ਕੀਤੀ ਗਈ। ਇਨਵਾਇਰਨਮੈਂਟ ਕੈਨੇਡਾ ਨੇ ਟੋਰਾਂਟੋ ਲਈ ਓਰੇਂਜ ਏਅਰ ਕੁਆਲਟੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਉੱਤਰ-ਪੱਛਮੀ ਓਨਟਾਰੀਓ ਵਿੱਚ ਲੱਗੀਆਂ ਜੰਗਲੀ ਅੱਗਾਂ ਦਾ ਧੂੰਆ north ਵੱਲ ਪਹੁੰਚ ਗਿਆ ਹੈ ਅਤੇ ਮਾੜੀ ਹਵਾ ਤੇ ਘੱਟ visibility ਦੀ ਸਥਿਤੀ ਵੀਰਵਾਰ ਤੱਕ ਜਾਰੀ ਰਹਿ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਅਤੇ ਬਾਹਰੀ ਖੇਡਾਂ ਤੇ ਹੋਰ ਗਤੀਵਿਧੀਆਂ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ। ਧੂੰਏਂ ਕਾਰਨ ਅੱਖਾਂ, ਨੱਕ ਅਤੇ ਗਲੇ ਵਿੱਚ ਜਲਣ, ਸਿਰ ਦਰਦ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਦਕਿ ਬਜ਼ੁਰਗਾਂ, ਗਰਭਵਤੀ ਮਹਿਲਾਵਾਂ, ਛੋਟੇ ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਲਈ ਖ਼ਤਰਾ ਵੱਧ ਹੈ। ਇਸਦੇ ਨਾਲ ਹੀ ਟੋਰਾਂਟੋ ਵਿੱਚ ਗਰਮੀ ਦੀ ਚੇਤਾਵਨੀ ਵੀ ਜਾਰੀ ਹੈ। ਅੱਜ ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਪਹੁੰਚਣ ਅਤੇ ਨਮੀ ਕਾਰਨ 36 ਡਿਗਰੀ ਵਰਗਾ ਮਹਿਸੂਸ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਦੀਆਂ ਖਿੜਕੀਆਂ ਬੰਦ ਰੱਖਣ, ਵੱਧ ਪਾਣੀ ਪੀਣ ਅਤੇ ਹੀਟ ਐਗਜ਼ਾਸ਼ਨ ਦੇ ਲੱਛਣਾਂ 'ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।