ਸਮਰਲੈਂਡ ਦੇ Bald Range ਜੰਗਲ ਦੀ ਅੱਗ ਵਿੱਚ 80 ਸਾਲਾ ਔਰਤ ਦੀ ਮੌਤ

ਬੀ.ਸੀ. ਦੇ ਸਮਰਲੈਂਡ ਵਿੱਚ Bald Range wildfire ਕਾਰਨ ਇੱਕ 80 ਸਾਲਾ ਔਰਤ ਦੀ ਮੌਤ ਹੋ ਗਈ ਹੈ। ਪੈਂਟਿਕਟਨ ਆਰਸੀਐਮਪੀ ਮੁਤਾਬਕ ਔਰਤ Meadow Valley ਇਲਾਕੇ ਵਿੱਚ ਆਪਣੇ ਘਰ ਤੋਂ ਪਰਿਵਾਰ ਦੇ ਇੱਕ ਮੈਂਬਰ ਨਾਲ ਬਾਹਰ ਨਿਕਲ ਕੇ ਸੁਰੱਖਿਅਤ ਥਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਜਦੋਂ ਉਸ ਦੀ ਅਚਾਨਕ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਅੱਗ ਤੋਂ ਬਚ ਕੇ ਨਿਕਲ ਰਿਹਾ ਇੱਕ ਹੋਰ ਵਿਅਕਤੀ ਔਰਤ ਨੂੰ ਦੇਖ ਕੇ ਉਸ ਦੀ ਮੌਤ ਬਾਰੇ ਸੂਚਿਤ ਕੀਤਾ। ਇਹ ਸੂਚਨਾ ਸ਼ਨੀਵਾਰ ਤੜਕੇ ਕਰੀਬ 1 ਵਜੇ ਮਿਲੀ। ਪੁਲਿਸ ਦਾ ਮੰਨਣਾ ਹੈ ਕਿ ਔਰਤ ਦੀ ਮੌਤ ਜੰਗਲ ਦੀ ਅੱਗ ਕਾਰਨ ਹੋਈ, ਪਰ ਬੀ.ਸੀ. ਕੋਰੋਨਰਜ਼ ਸਰਵਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। Bald Range wildfire ਸ਼ੁੱਕਰਵਾਰ ਸ਼ਾਮ ਕਰੀਬ 5:15 ਵਜੇ ਸ਼ੁਰੂ ਹੋਈ ਅਤੇ ਬਹੁਤ ਤੇਜ਼ੀ ਨਾਲ ਫੈਲ ਗਈ। ਅੱਗ ਨੇ Okanagan Lake ਵੱਲ ਤੇਜ਼ੀ ਨਾਲ ਰੁਖ ਕੀਤਾ ਅਤੇ Faulder ਅਤੇ Meadow Valley ਵਰਗੇ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ। ਅੱਗ ਕਾਰਨ ਸਮਰਲੈਂਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 20,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਪੁਲਿਸ ਨੇ ਕਿਹਾ ਹੈ ਕਿ ਇਸ ਅੱਗ ਨਾਲ ਸਬੰਧਤ ਹੋਰ ਕਿਸੇ ਮੌਤ ਦੀ ਰਿਪੋਰਟ ਨਹੀਂ ਹੋਈ।

ਇਸ ਲੇਖ ਨੂੰ ਸਾਂਝਾ ਕਰੋ: