“ਅਸ਼ਲੀਲ ਤਸਵੀਰ” ਭੇਜਣ ਦੇ ਦੋਸ਼ਾਂ ਤੋਂ ਬਾਅਦ BC ਦੇ ਕਾਇਰੋਪ੍ਰੈਕਟਰ ‘ਤੇ ਲਗਾਈਆਂ ਗਈਆਂ ਪਾਬੰਦੀਆਂ
College of Complementary Health Professionals of BC ਦੇ ਅਨੁਸਾਰ ਬੀ.ਸੀ. ਦੇ ਇੱਕ ਕਾਇਰੋਪ੍ਰੈਕਟਰ ‘ਤੇ ਮਰੀਜ਼ ਨੂੰ “ਅਸ਼ਲੀਲ ਤਸਵੀਰ” ਭੇਜਣ ਦੇ ਦੋਸ਼ਾਂ ਤੋਂ ਬਾਅਦ ਜਾਂਚ ਦੌਰਾਨ ਉਸਦੀ ਪ੍ਰੈਕਟਿਸ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।
Tyler Jackson, ਜੋ ਕਿ Kamloops ਨਾਲ ਸੰਬੰਧਿਤ ਹੈ, ਉਸ ਉੱਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਹ ਸ਼ਰਤਾਂ ਲਾਗੂ ਕੀਤੀਆਂ ਗਈਆਂ। ਕਾਲਜ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਨਤਾ ਦੇ ਇੱਕ ਮੈਂਬਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਇਹ ਕਦਮ ਚੁੱਕਿਆ ਗਿਆ ਹੈ। ਪੈਨਲ ਨੇ ਇਨ੍ਹਾਂ ਦੋਸ਼ਾਂ ਨੂੰ ਗੰਭੀਰ ਮੰਨਿਆ ਅਤੇ ਕਿਹਾ ਕਿ ਇਹ ਵਿਵਹਾਰ ਪੇਸ਼ਾਵਰ ਹੱਦਾਂ ਦੀ ਉਲੰਘਣਾ ਹੈ ਜੋ ਜਿਨਸੀ ਦੁਰਵਿਵਹਾਰ ਦੀ ਸ਼੍ਰੇਣੀ ਵਿੱਚ ਆ ਸਕਦਾ ਹੈ। ਹਾਲਾਂਕਿ ਇਹ ਦੋਸ਼ ਅਜੇ ਤੱਕ ਸਾਬਤ ਨਹੀਂ ਹੋਏ।
ਜਾਂਚ ਪੂਰੀ ਹੋਣ ਤੱਕ ਜੈਕਸਨ ਨੂੰ ਆਪਣੇ ਮਰੀਜ਼ਾਂ ਨਾਲ ਟੈਕਸਟ ਮੈਸੇਜ ਜਾਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਸਨੂੰ ਹਰ ਉਸ ਕਲੀਨਿਕ ਵਿੱਚ ਇੱਕ ਨੋਟਿਸ ਲਗਾਉਣ ਲਈ ਕਿਹਾ ਗਿਆ ਹੈ ਜਿੱਥੇ ਉਹ ਮਰੀਜ਼ਾਂ ਦਾ ਇਲਾਜ ਕਰਦਾ ਹੈ, ਜਿਸ ਵਿੱਚ ਇਸ interim order ਬਾਰੇ ਜਾਣਕਾਰੀ ਹੋਵੇਗੀ। ਉਸਨੂੰ ਆਪਣੇ ਅਪਾਇੰਟਮੈਂਟ ਕੈਲੰਡਰ ਦੀ ਇਲੈਕਟ੍ਰਾਨਿਕ ਪਹੁੰਚ ਵੀ ਕਾਲਜ ਨੂੰ ਦੇਣੀ ਪਵੇਗੀ।
ਕਾਲਜ ਨੇ ਸਪਸ਼ਟ ਕੀਤਾ ਹੈ ਕਿ ਇਹ ਅੰਤਿਮ ਫੈਸਲਾ ਨਹੀਂ ਹੈ, ਸਗੋਂ ਜਾਂਚ ਦੌਰਾਨ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਇਕ ਅਸਥਾਈ ਅਤੇ ਤੁਰੰਤ ਕਦਮ ਹੈ। ਪੈਨਲ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਜਾਂਚ ਜਾਂ discipline hearing ਦੇ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਲਾਜ਼ਮੀ ਹਨ।