BC ਨਰਸਿਜ਼ ਯੂਨੀਅਨ ਦੀ ਹੜਤਾਲ ਦਾ ਮਾਮਲਾ ਕੀ ਵਾਧੂ ਫੰਡ ਬਿਨਾ ਹੋ ਸਕੇਗਾ ਹੱਲ ?
ਬੀ.ਸੀ. ਨਰਸਿਜ਼ ਯੂਨੀਅਨ ਅਤੇ ਹੈਲਥ ਐਮਪਲਾਇਅਰਜ਼ ਐਸੋਸੀਏਸ਼ਨ ਆਫ਼ ਬੀ.ਸੀ. ਵਿਚਾਲੇ ਚੱਲ ਰਹੇ ਮਜ਼ਦੂਰੀ ਵਿਵਾਦ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਵਿਚੋਲਗੀ ਹੇਠ ਗੱਲਬਾਤ ਕਰ ਰਹੀਆਂ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਪੱਕਾ ਹੱਲ ਉਦੋਂ ਹੀ ਸੰਭਵ ਹੈ ਜਦੋਂ ਸੂਬਾਈ ਸਰਕਾਰ ਵਾਧੂ ਫੰਡ ਮੁਹੱਈਆ ਕਰੇਗੀ। ਯੂਨੀਅਨ ਅਤੇ ਸਰਕਾਰ ਵਿਚਾਲੇ ਤਨਖ਼ਾਹਾਂ, benefits ਅਤੇ ਨਰਸ-ਟੂ-ਪੇਸ਼ੈਂਟ ਅਨੁਪਾਤ ਲਾਗੂ ਕਰਨ ਵਰਗੇ ਮੁੱਦਿਆਂ 'ਤੇ ਅਜੇ ਵੀ ਵੱਡੇ ਮਤਭੇਦ ਹਨ। ਯੂਨੀਅਨ ਦਾ ਕਹਿਣਾ ਹੈ ਕਿ ਸੂਬੇ ਵਿੱਚ ਇਸ ਵੇਲੇ 4,500 ਤੋਂ 6,000 ਨਰਸਾਂ ਦੀਆਂ ਅਸਾਮੀਆਂ ਖਾਲੀ ਹਨ, ਜਿਸ ਕਾਰਨ ਸਟਾਫ਼ ਦੀ ਘਾਟ ਅਤੇ ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ। ਮਾਹਿਰਾਂ ਅਨੁਸਾਰ, ਕੋਵਿਡ-19 ਮਹਾਮਾਰੀ ਨੇ ਪਹਿਲਾਂ ਤੋਂ ਮੌਜੂਦ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਬੀ.ਸੀ. ਨਰਸਿਜ਼ ਯੂਨੀਅਨ ਦੀ ਪ੍ਰਧਾਨ ਐਡਰੀਅਨ ਗੀਅਰ ਦਾ ਕਹਿਣਾ ਹੈ ਕਿ ਸਰਕਾਰ 13.3 ਅਰਬ ਡਾਲਰ ਦੇ ਘਾਟੇ ਦਾ ਹਵਾਲਾ ਦੇ ਕੇ ਹੋਰ ਖਰਚ ਕਰਨ ਤੋਂ ਇਨਕਾਰ ਕਰ ਰਹੀ ਹੈ। ਦੂਜੇ ਪਾਸੇ, ਮਜ਼ਦੂਰੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਨਰਸਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਿਹਤ ਪ੍ਰਣਾਲੀ 'ਤੇ ਇਸ ਦਾ ਲੰਬੇ ਸਮੇਂ ਤੱਕ ਨਕਾਰਾਤਮਕ ਅਸਰ ਪੈ ਸਕਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਬੀ.ਸੀ. ਨਰਸਿਜ਼ ਯੂਨੀਅਨ ਨੇ 1989 ਤੋਂ ਬਾਅਦ ਪਹਿਲੀ ਵਾਰ ਹੜਤਾਲ ਕੀਤੀ ਹੈ।