CBSA ਵੱਲੋਂ Extortion ਨਾਲ ਸੰਭਾਵਿਤ ਸਬੰਧ ਰੱਖਣ ਵਾਲੇ ਲੋਕਾਂ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਦੱਸਿਆ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਐਕਸਟੋਰਸ਼ਨ ਨਾਲ ਸੰਭਾਵਿਤ ਸਬੰਧ ਰੱਖਣ ਵਾਲੇ ਦਰਜਨਾਂ ਲੋਕਾਂ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਏਜੰਸੀ ਮੁਤਾਬਕ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਮਾਮਲਿਆਂ ਦੀ ਵਿਸ਼ੇਸ਼ ਨਿਗਰਾਨੀ ਅਗਸਤ 2025 ਵਿੱਚ ਪੈਸਿਫਿਕ ਅਤੇ ਪ੍ਰੇਰੀ ਖੇਤਰਾਂ ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਨਵੰਬਰ 2025 ਵਿੱਚ GTA ਤੱਕ ਵਧਾਇਆ ਗਿਆ। CBSA ਦਾ ਕਹਿਣਾ ਹੈ ਕਿ ਇਹ ਮਾਮਲੇ ਪੁਲਿਸ ਨਾਲ ਸਾਂਝੀ ਜਾਂਚ, ਭਾਈਵਾਲ ਏਜੰਸੀਆਂ ਤੋਂ ਮਿਲੀ ਜਾਣਕਾਰੀ, ਜਨਤਕ ਸੂਚਨਾਵਾਂ ਅਤੇ CBSA ਦੀਆਂ ਆਪਣੀਆਂ ਜਾਂਚਾਂ ਰਾਹੀਂ ਸਾਹਮਣੇ ਆਏ ਹਨ। GTA ਵਿੱਚ ਹੁਣ ਤੱਕ ਲਗਭਗ 200 ਇਮੀਗ੍ਰੇਸ਼ਨ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 33 ਲੋਕਾਂ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਹੋਏ ਹਨ। ਨਵੰਬਰ 2025 ਤੋਂ ਬਾਅਦ 17 ਵਿਅਕਤੀਆਂ ਨੂੰ ਕੈਨੇਡਾ ਤੋਂ ਡਿਪੋਰਟ ਵੀ ਕੀਤਾ ਜਾ ਚੁੱਕਾ ਹੈ। ਇਸੇ ਦੌਰਾਨ ਪੈਸਿਫਿਕ ਖੇਤਰ ਵਿੱਚ 150 ਜਾਂਚਾਂ, 69 ਰਿਮੂਵਲ ਆਰਡਰ ਅਤੇ 46 ਡਿਪੋਰਟੇਸ਼ਨ ਹੋਈਆਂ ਹਨ, ਜਦਕਿ ਪ੍ਰੇਰੀ ਖੇਤਰ ਵਿੱਚ 138 ਜਾਂਚਾਂ, 37 ਰਿਮੂਵਲ ਆਰਡਰ ਅਤੇ 18 ਲੋਕਾਂ ਨੂੰ ਦੇਸ਼ ਤੋਂ ਕੱਢਿਆ ਗਿਆ ਹੈ। ਜਨ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਸਰਕਾਰ ਸੰਗਠਿਤ ਅਪਰਾਧ ਅਤੇ ਐਕਸਟੋਰਸ਼ਨ ਵਰਗੇ ਖ਼ਤਰਿਆਂ ਨਾਲ ਨਜਿੱਠਣ ਲਈ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦਾ ਕਾਨੂੰਨੀ ਹੱਕ ਨਹੀਂ ਹੈ ਜਾਂ ਜੋ ਹੋਰਨਾਂ ਦੀ ਸੁਰੱਖਿਆ ਲਈ ਖ਼ਤਰਾ ਬਣਦੇ ਹਨ, ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੀਤਾ ਜਾ ਰਿਹਾ ਹੈ। ਉੱਧਰ ਪੀਲ ਪੁਲਿਸ ਪਹਿਲਾਂ ਹੀ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਐਕਸਟੋਰਸ਼ਨ ਗਿਰੋਹਾਂ ਖ਼ਿਲਾਫ਼ ਵੱਡੀ ਕਾਰਵਾਈ ਕਰ ਚੁੱਕੀ ਹੈ।