ਸਰੀ ਵਿੱਚ ਗੋਲੀਬਾਰੀ ਦੀ ਜਾਂਚ ਤੋਂ ਬਾਅਦ ਚਾਰ ਗ੍ਰਿਫ਼ਤਾਰ, ਦੋ 'ਤੇ ਅਪਰਾਧਿਕ ਦੋਸ਼, ਦੋ CBSA ਹਵਾਲੇ
ਸਰੀ ਪੁਲਿਸ ਸਰਵਿਸ (SPS) ਨੇ 11 ਜੂਨ 2026 ਨੂੰ ਸਿਟੀ ਸੈਂਟਰ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਹਥਿਆਰਾਂ ਨਾਲ ਸੰਬੰਧਿਤ ਅਪਰਾਧਿਕ ਧਾਰਾਵਾਂ ਤਹਿਤ ਦੋਸ਼ ਲਗਾਏ ਹਨ। ਪੁਲਿਸ ਮੁਤਾਬਕ 11 ਜੂਨ ਸਵੇਰੇ ਕਰੀਬ 6 ਵਜੇ 96 ਐਵੇਨਿਊ ਅਤੇ 133A ਸਟਰੀਟ ਨੇੜੇ ਇੱਕ ਘਰ ਦੇ ਬਾਹਰ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਾਂਚ ਦੌਰਾਨ ਘਰ ਦੇ ਬਾਹਰ ਗੋਲੀਬਾਰੀ ਨਾਲ ਹੋਏ ਨੁਕਸਾਨ ਦੀ ਪੁਸ਼ਟੀ ਹੋਈ। ਘਟਨਾ ਸਮੇਂ ਘਰ ਵਿੱਚ ਲੋਕ ਮੌਜੂਦ ਸਨ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮਾਮਲੇ ਦੀ ਜਾਂਚ SPS ਦੀ ਐਕਸਟੋਰਸ਼ਨ ਰਿਸਪਾਂਸ ਟੀਮ (ExRT) ਨੇ ਸੰਭਾਲੀ। ਜਾਂਚ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਸਰੀ ਵਿੱਚ ਦੋ ਟਿਕਾਣਿਆਂ ਦੀ ਪਛਾਣ ਕਰਕੇ ਸਰਚ ਵਾਰੰਟ ਹਾਸਲ ਕੀਤੇ ਗਏ। 12 ਜੂਨ ਨੂੰ ਲੋਅਰ ਮੇਨਲੈਂਡ ਐਮਰਜੈਂਸੀ ਰਿਸਪਾਂਸ ਟੀਮ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਹੋਰ ਪੁਲਿਸ ਯੂਨਿਟਾਂ ਦੀ ਮਦਦ ਨਾਲ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ ਮਾਮਲੇ ਵਿੱਚ 21 ਸਾਲਾ ਅਰਮਾਨ ਸਿੰਘ ਅਤੇ 22 ਸਾਲਾ ਸਿਮਰਜੀਤ ਸਿੰਘ ਉੱਤੇ ਲਾਪਰਵਾਹੀ ਨਾਲ ਹਥਿਆਰ ਚਲਾਉਣ ਦਾ ਇੱਕ-ਇੱਕ ਦੋਸ਼ ਲਗਾਇਆ ਗਿਆ ਹੈ। ਦੋਵਾਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਅਗਲੀ ਅਦਾਲਤੀ ਪੇਸ਼ੀ 29 ਜੂਨ ਨੂੰ ਹੋਵੇਗੀ। ਪੁਲਿਸ ਅਨੁਸਾਰ ਦੋਵੇਂ ਵਿਦੇਸ਼ੀ ਨਾਗਰਿਕ ਹਨ ਅਤੇ ਇਸ ਮਾਮਲੇ ਵਿੱਚ CBSA ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬਾਕੀ ਦੋ ਗ੍ਰਿਫ਼ਤਾਰ ਵਿਅਕਤੀਆਂ ਖ਼ਿਲਾਫ਼ ਇਸ ਵੇਲੇ ਕੋਈ ਅਪਰਾਧਿਕ ਦੋਸ਼ ਨਹੀਂ ਲਗਾਇਆ ਗਿਆ ਅਤੇ ਉਹ CBSA ਦੀ ਹਿਰਾਸਤ ਵਿੱਚ ਹਨ। SPS ਨੇ ਦੋਵੇਂ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਅਰਮਾਨ ਸਿੰਘ ਜਾਂ ਸਿਮਰਜੀਤ ਸਿੰਘ ਜਾਂ ਉਨ੍ਹਾਂ ਨਾਲ ਜੁੜੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604-599-0502 'ਤੇ ਸਰੀ ਪੁਲਿਸ ਨਾਲ ਸੰਪਰਕ ਕਰਨ।