ਪੰਜਾਬੀ ਮੂਲ ਦੇ ਟਰੱਕ ਡਰਾਈਵਰ ਉੱਤੇ ਲੱਗੇ cocaine ਤਸਕਰੀ ਦੇ ਦੋਸ਼ ਰੱਦ
ਓਨਟਾਰੀਓ ਦੇ ਵਿੰਡਸਰ ਦੀ ਇੱਕ ਅਦਾਲਤ ਨੇ ਸਰਹੱਦ ਪਾਰ ਟਰੱਕ ਚਾਲਕ ਹਰਿੰਦਰ ਸਿੰਘ ਸੈਣੀ ਖ਼ਿਲਾਫ਼ ਕੋਕੀਨ ਤਸਕਰੀ ਦੇ ਗੰਭੀਰ ਦੋਸ਼ ਰੱਦ ਕਰ ਦਿੱਤੇ ਹਨ। ਜੱਜ ਨੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅਧਿਕਾਰੀਆਂ ਨੇ ਸੈਣੀ ਦੇ ਚਾਰਟਰ ਅਧਿਕਾਰਾਂ ਦੀ ਸੱਤ ਵਾਰ ਉਲੰਘਣਾ ਕੀਤੀ, ਜਿਸ ਕਾਰਨ ਮੁਕੱਦਮਾ ਜਾਰੀ ਰੱਖਣਾ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦਾ।
ਅਕਤੂਬਰ 2023 ਵਿੱਚ ਐਂਬੈਸਡਰ ਬ੍ਰਿਜ 'ਤੇ ਜਾਂਚ ਦੌਰਾਨ ਟਰੱਕ ਦੇ ਟ੍ਰੇਲਰ ਵਿੱਚੋਂ 121 ਇੱਟਾਂ ਕੋਕੀਨ, ਜਿਸ ਦੀ ਕੀਮਤ $10.8 ਤੋਂ $13.2 ਮਿਲੀਅਨ ਅੰਕੜੀ ਗਈ, ਅਤੇ $10,000 ਨਕਦ ਬਰਾਮਦ ਹੋਇਆ ਸੀ। ਸੈਣੀ ਦਾ ਕਹਿਣਾ ਸੀ ਕਿ ਉਸ ਨੂੰ ਟਰੱਕ ਵਿੱਚ ਮੌਜੂਦ ਨਸ਼ੀਲੇ ਪਦਾਰਥਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਸਟਿਸ ਜੈਨੀਫਰ ਬੇਜ਼ੇਅਰ ਨੇ ਆਪਣੇ 37 ਸਫ਼ਿਆਂ ਦੇ ਫੈਸਲੇ ਵਿੱਚ ਕਿਹਾ ਕਿ ਸੈਣੀ ਦੀ ਸਟ੍ਰਿਪ ਸਰਚ ਬਿਨਾਂ ਵਾਜਬ ਕਾਰਨ ਕੀਤੀ ਗਈ ਅਤੇ ਇਹ ਅਪਮਾਨਜਨਕ ਅਤੇ ਬੇਇੱਜ਼ਤੀ ਵਾਲੇ ਢੰਗ ਨਾਲ ਕੀਤੀ ਗਈ। ਅਧਿਕਾਰੀਆਂ ਨੇ ਨਾ ਤਾਂ ਸੁਪਰਵਾਈਜ਼ਰ ਦੀ ਮਨਜ਼ੂਰੀ ਲਈ ਅਤੇ ਨਾ ਹੀ ਸੈਣੀ ਨੂੰ ਪਹਿਲਾਂ ਵਕੀਲ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ। ਅਦਾਲਤ ਨੇ ਇਹ ਵੀ ਕਿਹਾ ਕਿ CBSA ਦੀ ਸਟ੍ਰਿਪ ਸਰਚ ਸਬੰਧੀ ਟ੍ਰੇਨਿੰਗ ਅਤੇ ਨੀਤੀਆਂ ਬਾਰੇ ਗੰਭੀਰ ਚਿੰਤਾ ਹੈ। ਭਾਵੇਂ 2024 ਵਿੱਚ ਨੀਤੀ ਬਦਲੀ ਗਈ ਸੀ, ਪਰ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਧਿਕਾਰੀ ਉਸ ਤਬਦੀਲੀ ਤੋਂ ਅਣਜਾਣ ਸਨ। CBSA ਨੇ ਕਿਹਾ ਹੈ ਕਿ ਉਹ ਅਦਾਲਤੀ ਫੈਸਲੇ ਦੀ ਸਮੀਖਿਆ ਕਰ ਰਹੀ ਹੈ ਅਤੇ ਆਪਣੇ ਅਧਿਕਾਰੀਆਂ ਨੂੰ ਚਾਰਟਰ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਲਗਾਤਾਰ ਟ੍ਰੇਨਿੰਗ ਦਿੱਤੀ ਜਾਂਦੀ ਹੈ।