ਅਮਰੀਕਾ ਨੇ ਮੌਜੂਦਾ CUSMA ਸਮਝੌਤਾ ਰੀਨਿਊ ਕਰਨ ਤੋਂ ਕੀਤਾ ਇਨਕਾਰ, ਗੱਲਬਾਤ ਜਾਰੀ ਰਹੇਗੀ
ਅਮਰੀਕਾ ਨੇ CUSMA ਨੂੰ ਮੌਜੂਦਾ ਰੂਪ ਵਿੱਚ ਰੀਨਿਊ ਨਾ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਨੇ ਸਪੱਸ਼ਟ ਕੀਤਾ ਹੈ ਕਿ ਸਮਝੌਤਾ ਫਿਲਹਾਲ ਲਾਗੂ ਰਹੇਗਾ ਅਤੇ ਤਿੰਨਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਰਹੇਗੀ। ਇਸ ਫੈਸਲੇ ਨਾਲ ਹੁਣ ਸਮਝੌਤੇ ਦੀ ਹਰ ਸਾਲ ਸਮੀਖਿਆ ਹੋਵੇਗੀ ਅਤੇ ਜੇਕਰ ਅਗਲੇ ਦਸ ਸਾਲਾਂ ਵਿੱਚ ਨਵਾਂ ਸਮਝੌਤਾ ਨਾ ਹੋਇਆ ਤਾਂ ਇਹ ਆਪਣੇ ਆਪ ਖਤਮ ਹੋ ਸਕਦਾ ਹੈ। ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਨੇ ਕਿਹਾ ਕਿ ਕੈਨੇਡਾ, ਅਮਰੀਕਾ ਅਤੇ ਮੈਕਸੀਕੋ north-america ਦੀ ਖੁਸ਼ਹਾਲੀ ਅਤੇ ਮੁਕਾਬਲੇਬਾਜ਼ੀ ਨੂੰ ਕਾਇਮ ਰੱਖਣ ਲਈ ਗੱਲਬਾਤ ਜਾਰੀ ਰੱਖਣ 'ਤੇ ਸਹਿਮਤ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਸਟੀਲ, ਐਲੂਮੀਨੀਅਮ, ਆਟੋਮੋਬਾਈਲ ਅਤੇ ਲੱਕੜ 'ਤੇ ਲੱਗੇ ਅਮਰੀਕੀ ਟੈਰਿਫ਼ਾਂ ਦਾ ਮਸਲਾ ਵੀ ਚਰਚਾ ਵਿੱਚ ਉਠਾਏਗਾ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਵੇਂ ਸਮਝੌਤਾ ਤੁਰੰਤ ਖਤਰੇ ਵਿੱਚ ਨਹੀਂ ਹੈ, ਪਰ ਲਗਾਤਾਰ ਅਣਿਸ਼ਚਿਤਤਾ ਕਾਰਨ ਨਿਵੇਸ਼ ਅਤੇ ਕਾਰੋਬਾਰੀ ਫ਼ੈਸਲਿਆਂ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਡੋਨਾਲਡ ਟਰੰਪ ਪਹਿਲਾਂ ਵੀ CUSMA ਨੂੰ “ਗੈਰ-ਮਹੱਤਵਪੂਰਨ” ਕਰਾਰ ਦੇ ਚੁੱਕੇ ਹਨ, ਜਿਸ ਕਾਰਨ ਇਸ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਬਣੀਆਂ ਹੋਈਆਂ ਹਨ।