ਹੁਣ DRIVE-THROUGH 'ਤੇ ਇਨਸਾਨਾਂ ਦੀ ਜਗ੍ਹਾ AI ਲਵੇਗੀ ਆਰਡਰ?
ਅਮਰੀਕਾ ਦੇ ਫਾਸਟ-ਫੂਡ ਰੈਸਟੋਰੈਂਟਾਂ ਵਿੱਚ ਹੁਣ ਡਰਾਈਵ-ਥਰੂ ਆਰਡਰ ਲੈਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਕਨੀਕ ਜਲਦੀ ਹੀ ਕੈਨੇਡਾ ਦੇ ਰੈਸਟੋਰੈਂਟਾਂ ਤੱਕ ਵੀ ਪਹੁੰਚ ਸਕਦੀ ਹੈ। ਡਿਟਰਾਇਟ ਦੇ ਵਾਈਟ ਕੈਸਲ ਰੈਸਟੋਰੈਂਟ ਵਿੱਚ "ਜੂਲੀਆ" ਨਾਮ ਦੀ AI ਚੈਟਬੋਟ ਗਾਹਕਾਂ ਤੋਂ ਆਰਡਰ ਲੈਂਦੀ ਹੈ, ਸਵਾਲਾਂ ਦੇ ਜਵਾਬ ਦਿੰਦੀ ਹੈ ਅਤੇ ਆਰਡਰ ਸਿੱਧਾ KITCHEN ਤੱਕ ਪਹੁੰਚਾ ਦਿੰਦੀ ਹੈ। ਜੇਕਰ ਕੋਈ ਗੜਬੜ ਆ ਜਾਵੇ ਤਾਂ ਮਨੁੱਖੀ ਕਰਮਚਾਰੀ ਤੁਰੰਤ ਦਖ਼ਲ ਦੇ ਕੇ ਆਰਡਰ ਪੂਰਾ ਕਰਦੇ ਹਨ। ਰੈਸਟੋਰੈਂਟ ਪ੍ਰਬੰਧਕਾਂ ਦਾ ਕਹਿਣਾ ਹੈ ਕਿ AI ਨਾਲ ਆਰਡਰ ਤੇਜ਼ੀ ਨਾਲ ਤਿਆਰ ਹੁੰਦੇ ਹਨ, ਗਲਤੀਆਂ ਘੱਟ ਹੁੰਦੀਆਂ ਹਨ ਅਤੇ ਕਰਮਚਾਰੀ ਹੋਰ ਕੰਮਾਂ 'ਤੇ ਧਿਆਨ ਦੇ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ AI ਦੀ ਆਰਡਰ ਸਹੀ ਲੈਣ ਦੀ ਦਰ 90 ਫ਼ੀਸਦੀ ਤੋਂ ਵੀ ਵੱਧ ਹੈ। ਇਸੇ ਦੌਰਾਨ ਮੈਕਡੋਨਾਲਡਜ਼ ਗੂਗਲ ਨਾਲ ਮਿਲ ਕੇ AI ਡਰਾਈਵ-ਥਰੂ ਦੀ ਜਾਂਚ ਕਰ ਰਹੀ ਹੈ, ਜਦਕਿ ਟੈਕੋ ਬੈਲ ਨੇ ਐਨਵੀਡੀਆ ਨਾਲ ਸਾਂਝੇਦਾਰੀ ਕੀਤੀ ਹੈ। AI ਵਿਕਸਿਤ ਕਰਨ ਵਾਲੀਆਂ ਕੰਪਨੀਆਂ ਸਾਊਂਡਹਾਊਂਡ ਅਤੇ ਪ੍ਰੈਸਟੋ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੈਨੇਡਾ ਵਿੱਚ ਵੀ ਇਹ ਸੇਵਾ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਮਜ਼ਦੂਰ ਜਥੇਬੰਦੀਆਂ ਇਸ ਰੁਝਾਨ ਨੂੰ ਲੈ ਕੇ ਚਿੰਤਤ ਹਨ। ਕੈਨੇਡੀਅਨ ਲੇਬਰ ਕਾਂਗਰਸ ਦਾ ਕਹਿਣਾ ਹੈ ਕਿ ਫਾਸਟ-ਫੂਡ ਦੀਆਂ ਨੌਕਰੀਆਂ ਨੌਜਵਾਨਾਂ ਲਈ ਰੁਜ਼ਗਾਰ ਦੀ ਪਹਿਲੀ ਪੌੜੀ ਹੁੰਦੀਆਂ ਹਨ ਅਤੇ AI ਕਾਰਨ ਅਜਿਹੀਆਂ ਨੌਕਰੀਆਂ ਘੱਟ ਹੋ ਸਕਦੀਆਂ ਹਨ। ਵਰਲਡ ਇਕਨਾਮਿਕ ਫੋਰਮ ਵੀ ਅਗਲੇ ਪੰਜ ਸਾਲਾਂ ਵਿੱਚ ਕੈਸ਼ੀਅਰ ਵਰਗੀਆਂ ਨੌਕਰੀਆਂ ਵਿੱਚ ਵੱਡੀ ਕਮੀ ਦੀ ਭਵਿੱਖਬਾਣੀ ਕਰ ਚੁੱਕਾ ਹੈ। ਇਸ ਲਈ ਮਜ਼ਦੂਰ ਆਗੂਆਂ ਦੀ ਮੰਗ ਹੈ ਕਿ AI ਨੂੰ ਕੰਮਕਾਜ ਵਿੱਚ ਲਾਗੂ ਕਰਨ ਤੋਂ ਪਹਿਲਾਂ ਸਰਕਾਰਾਂ, ਯੂਨੀਅਨਾਂ ਅਤੇ ਕਰਮਚਾਰੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ ਤਾਂ ਜੋ ਤਕਨਾਲੋਜੀ ਅਤੇ ਰੁਜ਼ਗਾਰ ਵਿਚਕਾਰ ਸੰਤੁਲਨ ਬਣਿਆ ਰਹੇ।