E-Scooters ਨਾਲ ਸੰਬੰਧਿਤ ਦੋ ਵੱਖ ਵੱਖ ਹਾਦਸਿਆਂ ਵਿੱਚ ਇੱਕ ਔਰਤ ਦੀ ਮੌਤ, ਇੱਕ ਜ਼ਖਮੀ

ਵੈਨਕੂਵਰ ਵਿੱਚ ਇਲੈਕਟ੍ਰਿਕ ਕਿਕ ਸਕੂਟਰ ਹਾਦਸਿਆਂ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਹੈਲਮਟ ਪਹਿਨਣ ਦੀ ਅਪੀਲ ਕੀਤੀ ਹੈ। ਇਸ ਮਹੀਨੇ ਹੋਏ ਦੋ ਵੱਖ-ਵੱਖ ਹਾਦਸਿਆਂ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਔਰਤ ਗੰਭੀਰ ਜ਼ਖ਼ਮੀ ਹੋਈ ਹੈ।

ਪੁਲਿਸ ਮੁਤਾਬਕ ਪਹਿਲਾ ਹਾਦਸਾ 3 ਜੁਲਾਈ ਨੂੰ ਈਸਟ ਵੈਨਕੂਵਰ ਵਿੱਚ ਸਵੇਰੇ ਕਰੀਬ 10 ਵਜੇ ਹੋਇਆ। 30 ਸਾਲਾ ਔਰਤ, ਜੋ ਬਿਨਾਂ ਹੈਲਮਟ ਦੇ ਇਲੈਕਟ੍ਰਿਕ ਸਕੂਟਰ ਚਲਾ ਰਹੀ ਸੀ, ਵੇਨੇਬਲਜ਼ ਸਟਰੀਟ ’ਤੇ ਕਮਰਸ਼ੀਅਲ ਡਰਾਈਵ ਨੇੜੇ ਇੱਕ ਵਾਹਨ ਨਾਲ ਟਕਰਾ ਗਈ।

ਪੁਲਿਸ ਨੇ ਦੱਸਿਆ ਕਿ ਔਰਤ ਦਾ ਸਿਰ ਜ਼ਮੀਨ ਨਾਲ ਟਕਰਾਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ 11 ਜੁਲਾਈ ਨੂੰ ਉਸਦੀ ਮੌਤ ਹੋ ਗਈ।

ਦੂਜਾ ਹਾਦਸਾ ਐਤਵਾਰ ਦੁਪਹਿਰ ਕੋਲ ਹਾਰਬਰ ਇਲਾਕੇ ਵਿੱਚ ਹੋਇਆ। 54 ਸਾਲਾ ਔਰਤ ਨੂੰ ਇੱਕ ਹੋਰ ਸਕੂਟਰ ਸਵਾਰ ਵਿਅਕਤੀ ਨੇ ਪਿੱਛੋਂ ਟੱਕਰ ਮਾਰ ਦਿੱਤੀ। ਉਸਨੂੰ ਸਿਰ ’ਤੇ ਸੱਟ ਅਤੇ ਕਾਲਰ ਬੋਨ ਟੁੱਟਣ ਕਾਰਨ ਹਸਪਤਾਲ ਲਿਜਾਇਆ ਗਿਆ।

ਸਰਜੈਂਟ ਐਡਮ ਡੋਨਾਲਡਸਨ ਨੇ ਕਿਹਾ ਕਿ ਪੁਲਿਸ ਦਾ ਮਕਸਦ ਚਲਾਨ ਕੱਟਣਾ ਨਹੀਂ, ਸਗੋਂ ਲੋਕਾਂ ਨੂੰ ਸੁਰੱਖਿਆ ਬਾਰੇ ਜਾਗਰੂਕ ਕਰਨਾ ਹੈ। ਕਾਨੂੰਨ ਅਨੁਸਾਰ ਈ-ਸਕੂਟਰ ਚਲਾਉਂਦੇ ਸਮੇਂ ਸਾਈਕਲ ਵਾਲਾ ਸੁਰੱਖਿਆ ਹੈਲਮਟ ਪਹਿਨਣਾ ਲਾਜ਼ਮੀ ਹੈ। ਉਲੰਘਣਾ ਕਰਨ ’ਤੇ 29 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: