ਕੈਨੇਡਾ ਦੀ ਅਰਥਵਿਵਸਥਾ ਨੇ ਅਪ੍ਰੈਲ ਵਿੱਚ ਫੜੀ ਰਫ਼ਤਾਰ, GDP ਵਿੱਚ 0.5% ਵਾਧਾ
ਕੈਨੇਡਾ ਦੀ ਅਰਥਵਿਵਸਥਾ ਨੇ 2026 ਦੀ ਦੂਜੀ ਤਿਮਾਹੀ ਦੀ ਸ਼ੁਰੂਆਤ ਮਜ਼ਬੂਤ ਵਾਧੇ ਨਾਲ ਕੀਤੀ ਹੈ। ਸਟੈਟਸ ਕੈਨੇਡਾ ਦੇ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਦੇਸ਼ ਦਾ ਅਸਲ ਕੁੱਲ ਘਰੇਲੂ ਉਤਪਾਦ (GDP) 0.5 ਫ਼ੀਸਦੀ ਵਧਿਆ, ਜੋ ਜੁਲਾਈ 2025 ਤੋਂ ਬਾਅਦ ਸਭ ਤੋਂ ਤੇਜ਼ ਮਹੀਨਾਵਾਰ ਵਾਧਾ ਹੈ ਅਤੇ ਪਹਿਲਾਂ ਲਗਾਏ ਗਏ 0.4 ਫ਼ੀਸਦੀ ਦੇ ਅਨੁਮਾਨ ਤੋਂ ਵੀ ਵੱਧ ਹੈ। ਇਸ ਵਾਧੇ ਵਿੱਚ ਤੇਲ ਅਤੇ ਗੈਸ ਉਤਪਾਦਨ ਦਾ ਵੱਡਾ ਯੋਗਦਾਨ ਰਿਹਾ, ਜਦਕਿ ਮੈਨੂਫੈਕਚਰਿੰਗ, ਉਸਾਰੀ, ਆਵਾਜਾਈ, ਵੇਅਰਹਾਊਸਿੰਗ ਅਤੇ ਸਰਕਾਰੀ ਖੇਤਰਾਂ ਵਿੱਚ ਵੀ ਸੁਧਾਰ ਦਰਜ ਕੀਤਾ ਗਿਆ। ਉਸਾਰੀ ਖੇਤਰ ਨੇ ਪੰਜ ਮਹੀਨਿਆਂ ਬਾਅਦ ਪਹਿਲੀ ਵਾਰ 0.7 ਫ਼ੀਸਦੀ ਦਾ ਵਾਧਾ ਦਰਜ ਕੀਤਾ। ਗ੍ਰੇਟਰ ਟੋਰਾਂਟੋ ਖੇਤਰ ਵਿੱਚ ਘਰਾਂ ਦੀ ਵਿਕਰੀ ਵਧਣ ਨਾਲ ਰੀਅਲ ਐਸਟੇਟ ਕਾਰੋਬਾਰ ਵਿੱਚ ਵੀ ਰੌਣਕ ਵਾਪਸ ਆਈ। ਮਈ ਲਈ ਵੀ 0.1 ਫ਼ੀਸਦੀ ਵਾਧੇ ਦਾ ਅਨੁਮਾਨ ਹੈ। ਇਸੇ ਦੌਰਾਨ, ਇਰਾਨ ਨਾਲ ਜੰਗ ਅਤੇ middle-east ਵਿੱਚ ਤਣਾਅ ਕਾਰਨ ਰਿਫਾਈਨਡ ਪੈਟਰੋਲਿਅਮ ਦੇ export ਵਿੱਚ ਸਾਲਾਨਾ ਆਧਾਰ 'ਤੇ ਲਗਭਗ 70 ਫ਼ੀਸਦੀ ਦਾ ਉਛਾਲ ਆਇਆ, ਜਦਕਿ ਅਮਰੀਕਾ, ਏਸ਼ੀਆ ਅਤੇ ਯੂਰਪ ਵੱਲ ਕੱਚੇ ਤੇਲ ਦੇ export ਵਿੱਚ ਵੀ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ।