ਵੈਨਕੂਵਰ ਦੇ ਮੇਅਰ Ken Sim ਦੇ ਖ਼ਿਲਾਫ਼ ਸਿਵਲ ਮੁਕੱਦਮਾ ਦਰਜ
ਵੈਨਕੂਵਰ ਸਿਟੀ ਕੌਂਸਲਰ Sean Orr ਨੇ ਵੈਨਕੂਵਰ ਦੇ ਮੇਅਰ Ken Sim ਦੇ ਖ਼ਿਲਾਫ਼ ਸਿਵਲ ਮੁਕੱਦਮਾ ਦਰਜ ਕੀਤਾ ਹੈ। ਇਹ ਮੁਕੱਦਮਾ ਉਹਨਾਂ ਦਾਅਵਿਆਂ ਨੂੰ ਲੈ ਕੇ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਮੇਅਰ ਵੱਲੋਂ ਕਿਹਾ ਗਿਆ ਸੀ ਕਿ ਔਰ ਨੇ ਗੈਰਕਾਨੂੰਨੀ ਨਸ਼ੀਲੇ ਪਦਾਰਥ ਵੰਡੇ ਸਨ। ਇਹ ਵਿਵਾਦ ਪਿਛਲੇ ਮਹੀਨੇ ਉਸ ਸਮੇਂ ਸ਼ੁਰੂ ਹੋਇਆ ਜਦੋਂ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਕੌਂਸਲਰ Lenny Zhou ਨੇ ਦਾਅਵਾ ਕੀਤਾ ਕਿ ਕੁਝ ਨਾਨ-ਏਬੀਸੀ ਕੌਂਸਲਰ ਖੁਦ ਨਸ਼ਾ ਵਰਤਦੇ ਹਨ ਅਤੇ ਕਰਿਸਮਸ ਈਵ ‘ਤੇ ਉਹਨਾਂ ਨੇ ਲੋਕਾਂ ਵਿੱਚ ਨਸ਼ੇ ਵੰਡੇ। ਬਾਅਦ ਵਿੱਚ Zhou ਨੇ ਆਪਣੀ ਟਿੱਪਣੀ ਲਈ ਮਾਫ਼ੀ ਮੰਗ ਲਈ ਅਤੇ ਮੇਅਰ ਕੇਨ ਸਿਮ ਨੇ ਕਿਹਾ ਕਿ Zhou ਨੇ ਗਲਤ ਜਾਣਕਾਰੀ ਸਾਂਝੀ ਕਰਨ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ। ਹਾਲਾਂਕਿ ਇਕ ਹੋਰ ਵੀਡੀਓ ਸਾਹਮਣੇ ਆਉਣ ਨਾਲ ਇਹ ਪਤਾ ਲੱਗਿਆ ਕਿ ਇਹ ਦੋਸ਼ ਦਰਅਸਲ ਮੇਅਰ ਸਿਮ ਵੱਲੋਂ ਹੀ ਦਿੱਤੀ ਜਾਣਕਾਰੀ ‘ਤੇ ਆਧਾਰਿਤ ਸਨ। 6 ਫਰਵਰੀ ਨੂੰ ਚੀਨੀ ਭਾਸ਼ਾ ਦੇ ਮੀਡੀਆ ਨਾਲ ਬ੍ਰੀਫਿੰਗ ਦੌਰਾਨ ਸਿਮ ਨੇ ਕਿਹਾ ਸੀ ਕਿ ਕੌਂਸਲਰ ਸੀਨ ਔਰ ਨੇ ਕਰਿਸਮਸ ਦੇ ਦਿਨ ਸੜਕਾਂ ‘ਤੇ ਲੋਕਾਂ ਨੂੰ ਗੈਰਕਾਨੂੰਨੀ ਨਸ਼ੇ ਵੰਡੇ। ਬਾਅਦ ਵਿੱਚ ਸਿਮ ਨੇ ਜਨਤਕ ਤੌਰ ‘ਤੇ ਮਾਫ਼ੀ ਮੰਗੀ, ਪਰ ਔਰ ਨੇ ਕਿਹਾ ਕਿ ਉਹ ਇਸ ਮਾਫ਼ੀ ਨੂੰ ਕਬੂਲ ਨਹੀਂ ਕਰਦੇ। 10 ਮਾਰਚ ਨੂੰ ਦਰਜ ਕੀਤੇ ਗਏ ਸਿਵਲ ਦਾਅਵੇ ਵਿੱਚ ਔਰ ਦਾ ਕਹਿਣਾ ਹੈ ਕਿ ਮੇਅਰ ਦੇ ਬਿਆਨ ਝੂਠੇ ਸਨ ਅਤੇ ਉਨ੍ਹਾਂ ਨਾਲ ਉਸਦੀ reputation ਨੂੰ ਨੁਕਸਾਨ ਪਹੁੰਚਿਆ। ਔਰ ਦਾ ਕਹਿਣਾ ਹੈ ਕਿ ਇਹ ਦੋਸ਼ ਉਸਦੀ ਚੋਣ ਮੁਹਿੰਮ ਅਤੇ ਨਿੱਜੀ ਜੀਵਨ ‘ਤੇ ਇੱਕ “ਕਾਲਾ ਬੱਦਲ” ਬਣ ਗਏ ਹਨ| ਯੂਬੀਸੀ ਦੇ ਰਾਜਨੀਤਿਕ ਵਿਗਿਆਨੀ ਸਟਿਊਅਰਟ ਪ੍ਰੈਸਟ ਦਾ ਮੰਨਣਾ ਹੈ ਕਿ ਇਹ ਮਾਮਲਾ ਆਉਣ ਵਾਲੀਆਂ ਮਿਊਂਸਪਲ ਚੋਣਾਂ ਵਿੱਚ ਏਬੀਸੀ ਪਾਰਟੀ ਲਈ ਵੀ ਮੁਸ਼ਕਲ ਬਣ ਸਕਦਾ ਹੈ ਅਤੇ ਮੇਅਰ ਸਿਮ ਨੂੰ ਅਸਤੀਫਾ ਦੇਣ ਬਾਰੇ ਵੀ ਸੋਚਣਾ ਚਾਹੀਦਾ ਹੈ।