ਖਰਾਬ LIFT ਕਾਰਨ 25 ਮਿੰਟ ਅੰਦਰ ਫਸੇ ਰਹੇ ਮਰੀਜ਼ ਅਤੇ ਪਰਾਮੇਡੀਕਸ, TECH SAFETY BC ਦੀ ਰਿਪੋਰਟ

Technical Safety BC ਦੀ ਇੱਕ ਤਾਜ਼ਾ ਰਿਪੋਰਟ ਨੇ ਐਲੀਵੇਟਰਾਂ ਦੀ ਸਹੀ ਮੁਰੰਮਤ ਅਤੇ ਨਿਯਮਿਤ ਜਾਂਚ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਜੁਲਾਈ ਵਿੱਚ West Vancouver ਦੇ 1960 ਦੇ ਦਹਾਕੇ ਵਿੱਚ ਬਣੇ ਇੱਕ ਅਪਾਰਟਮੈਂਟ ਟਾਵਰ ਵਿੱਚ ਗੰਭੀਰ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਇੱਕ ਮਰੀਜ਼ ਅਤੇ ਪੈਰਾਮੈਡਿਕਸ ਲਗਭਗ 25 ਮਿੰਟ ਲਈ ਐਲੀਵੇਟਰ ਵਿੱਚ ਫਸ ਗਏ, ਜਿਸ ਕਾਰਨ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਹੋਈ।

ਰਿਪੋਰਟ ਅਨੁਸਾਰ 18 ਮੰਜ਼ਿਲਾਂ ਵਾਲੀ ਇਸ ਇਮਾਰਤ ਵਿੱਚ ਦੋ ਐਲੀਵੇਟਰ ਹਨ, ਪਰ ਘਟਨਾ ਸਮੇਂ ਸਿਰਫ਼ ਇੱਕ ਹੀ ਚੱਲ ਰਿਹਾ ਸੀ। ਦੂਜੇ ਐਲੀਵੇਟਰ ਦੀ ਮੁਰੰਮਤ ਵਿੱਚ ਦੇਰੀ ਹੋਣ ਕਾਰਨ ਉਹ ਕਰੀਬ ਦੋ ਸਾਲ ਤੋਂ ਬੰਦ ਸੀ। ਜੋ ਐਲੀਵੇਟਰ ਚੱਲ ਰਿਹਾ ਸੀ ਉਹ ਵੀ ਘਟਨਾ ਤੋਂ ਪਹਿਲਾਂ ਦੋ ਮਹੀਨਿਆਂ ਵਿੱਚ ਛੇ ਵਾਰ ਖਰਾਬ ਹੋ ਚੁੱਕਾ ਸੀ।

BC Emergency Health Services ਦੇ ਪੈਰਾਮੈਡਿਕਸ ਨੂੰ 911 ਕਾਲ ਮਿਲਣ ਤੋਂ ਬਾਅਦ 14ਵੀਂ ਮੰਜ਼ਿਲ ‘ਤੇ ਭੇਜਿਆ ਗਿਆ। ਜਾਂਚਕਾਰਾਂ ਨੂੰ ਦੱਸਿਆ ਗਿਆ ਕਿ ਮਰੀਜ਼ ਨੂੰ ਬਹੁਤ ਹੀ ਗੰਭੀਰ ਮੈਡੀਕਲ ਐਮਰਜੈਂਸੀ ਸੀ ਅਤੇ ਇਲਾਜ ਵਿੱਚ ਕੋਈ ਵੀ ਦੇਰੀ ਗੰਭੀਰ ਨਤੀਜੇ ਲਿਆ ਸਕਦੀ ਸੀ। ਜਦੋਂ ਤਿੰਨ ਪੈਰਾਮੈਡਿਕਸ ਸਟ੍ਰੈਚਰ ‘ਤੇ ਮਰੀਜ਼ ਨੂੰ ਐਲੀਵੇਟਰ ਵਿੱਚ ਲੈ ਕੇ ਗਏ ਤਾਂ ਦਰਵਾਜ਼ਾ ਚਾਰ ਵਾਰ ਬੰਦ ਹੋਣ ਦੀ ਕੋਸ਼ਿਸ਼ ਕਰਦਾ ਰਿਹਾ। ਆਖ਼ਰਕਾਰ ਦੋ ਪੈਰਾਮੈਡਿਕਸ ਨੇ ਦਰਵਾਜ਼ੇ ਦੇ ਉੱਪਰ ਹੱਥ ਰੱਖ ਕੇ ਉਸਨੂੰ ਬੰਦ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਦਰਵਾਜ਼ਾ ਟ੍ਰੈਕ ਤੋਂ ਉਤਰ ਗਿਆ ਅਤੇ ਐਲੀਵੇਟਰ ਫਾਲਟ ਮੋਡ ਵਿੱਚ ਚਲਾ ਗਿਆ। ਇਸ ਤੋਂ ਬਾਅਦ ਇੱਕ EMT ਨੇ ਦਰਵਾਜ਼ੇ ਨੂੰ ਹੱਥ ਨਾਲ ਬੰਦ ਕੀਤਾ, ਜਿਸ ਕਾਰਨ ਐਲੀਵੇਟਰ ਅੰਦਰ ਮੌਜੂਦ ਪੈਰਾਮੈਡਿਕਸ ਅਤੇ ਮਰੀਜ਼ ਫਸ ਗਏ। ਬਾਅਦ ਵਿੱਚ ਫਾਇਰਫਾਈਟਰਾਂ ਨੇ “ਜਾਅਜ਼ ਆਫ ਲਾਈਫ” TOOL ਦੀ ਮਦਦ ਨਾਲ ਦਰਵਾਜ਼ਾ ਖੋਲ੍ਹ ਕੇ ਸਭ ਨੂੰ ਬਾਹਰ ਕੱਢਿਆ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਐਲੀਵੇਟਰ ਦੇ ਦਰਵਾਜ਼ੇ ਦੇ ਟ੍ਰੈਕ ਦੇ ਪੁਰਜ਼ੇ ਘਸ ਚੁੱਕੇ ਸਨ ਅਤੇ ਨਿਯਮਿਤ ਜਾਂਚ ਦੌਰਾਨ ਇਸ ਸਮੱਸਿਆ ਦੀ ਪਛਾਣ ਨਹੀਂ ਹੋਈ।

ਇਸ ਲੇਖ ਨੂੰ ਸਾਂਝਾ ਕਰੋ: