Montreal 'ਚ ਮੀਹ ਦਾ ਕਹਿਰ, ਜਲ-ਥਲ ਹੋਇਆ ਸਾਰਾ ਸ਼ਹਿਰ
ਮਾਂਟਰੀਅਲ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਪਏ ਰਿਕਾਰਡਤੋੜ ਮੀਂਹ ਨੇ ਭਾਰੀ ਤਬਾਹੀ ਮਚਾ ਦਿੱਤੀ। ਕੁਝ ਹੀ ਘੰਟਿਆਂ ਵਿੱਚ 100 ਤੋਂ 150 ਮਿਲੀਮੀਟਰ ਤੱਕ ਮੀਂਹ ਪੈਣ ਕਾਰਨ ਸੈਂਕੜੇ ਘਰਾਂ ਦੇ ਬੇਸਮੈਂਟਾਂ ਵਿੱਚ ਪਾਣੀ ਭਰ ਗਿਆ, ਕਈ ਸੜਕਾਂ ਡੁੱਬ ਗਈਆਂ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੋ ਗਈ। ਐਨਵਾਇਰਨਮੈਂਟ ਕੈਨੇਡਾ ਮੁਤਾਬਕ ਮਾਂਟਰੀਅਲ ਦੇ ਵੈਸਟ ਆਇਲੈਂਡ ਅਤੇ ਸਾਊਥ ਸ਼ੋਰ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਰਹੇ। ਪੀਅਰਫੋਂਡ-ਰੌਕਸਬੋਰੋ ਦੇ ਮੇਅਰ ਜਿਮ ਬੀਸ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਸਿਰਫ਼ ਦੋ ਘੰਟਿਆਂ ਦੌਰਾਨ 150 ਤੋਂ 170 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ। ਉਨ੍ਹਾਂ ਦੇ ਅਨੁਸਾਰ ਸੈਂਕੜੇ ਘਰ ਬੁਰੀ ਤਰ੍ਹਾਂ ਹੜ੍ਹ ਦੀ ਲਪੇਟ ਵਿੱਚ ਆ ਗਏ ਅਤੇ ਕਈ ਸੜਕਾਂ ਬੰਦ ਕਰਣੀਆਂ ਪਈਆਂ। ਹਾਈਡਰੋ-ਕਿਊਬੈਕ ਨੇ ਦੱਸਿਆ ਕਿ ਐਤਵਾਰ ਸਵੇਰ ਤੱਕ ਕਰੀਬ 4,500 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਪ੍ਰਭਾਵਿਤ ਸੀ। ਮਾਂਟਰੀਅਲ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਤੋਂ ਬਾਅਦ ਉਨ੍ਹਾਂ ਨੂੰ ਲਗਭਗ 800 ਐਮਰਜੈਂਸੀ ਕਾਲਾਂ ਮਿਲੀਆਂ ਅਤੇ ਕਰੀਬ 300 ਘਰਾਂ ਵਿੱਚ ਹੜ੍ਹ ਦਾ ਪਾਣੀ ਦਾਖਲ ਹੋਇਆ। ਫਾਇਰ ਅਧਿਕਾਰੀਆਂ ਅਨੁਸਾਰ ਕਰੀਬ 15 ਲੋਕਾਂ ਨੂੰ ਪਾਣੀ ਵਿੱਚ ਫਸੀਆਂ ਗੱਡੀਆਂ ਵਿੱਚੋਂ ਕਿਸ਼ਤੀਆਂ ਰਾਹੀਂ ਬਚਾਇਆ ਗਿਆ, ਜਦਕਿ ਘਰਾਂ ਵਿੱਚੋਂ ਕਿਸੇ ਨੂੰ ਐਮਰਜੈਂਸੀ ਤੌਰ 'ਤੇ ਕੱਢਣ ਦੀ ਲੋੜ ਨਹੀਂ ਪਈ। ਕਿਊਬੈਕ ਦੇ ਜਨਤਕ ਸੁਰੱਖਿਆ ਮੰਤਰੀ ਇਆਨ ਲਾਫਰੇਨੀਏ ਨੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।