ਸਕਾਰਬਰੋ MP ਸਲਮਾ ਜ਼ਾਹਿਦ ਦੇ ਘਰ ਬਾਹਰ ਸ਼ੱਕੀ ਅੱਗਜ਼ਨੀ ਦੀ ਜਾਂਚ
ਟੋਰਾਂਟੋ ਪੁਲਿਸ ਸਕਾਰਬਰੋ ਦੀ ਲਿਬਰਲ ਸੰਸਦ ਮੈਂਬਰ ਸਲਮਾ ਜ਼ਾਹਿਦ ਦੇ ਘਰ ਦੇ ਬਾਹਰ ਹੋਈ ਸ਼ੱਕੀ ਅੱਗਜ਼ਨੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ।
ਵੀਰਵਾਰ ਤੜਕੇ ਇੱਕ ਵਿਅਕਤੀ ਵੱਲੋਂ ਸਲਮਾ ਜ਼ਾਹਿਦ ਦੀ ਕਾਰ ਅਤੇ ਇੱਕ ਹੋਰ ਵਾਹਨ ਨੂੰ ਅੱਗ ਲਗਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੋਵੇਂ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਏ, ਹਾਲਾਂਕਿ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਸਲਮਾ ਜ਼ਾਹਿਦ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਹਨ ਅਤੇ ਉਹ ਘਟਨਾ ਦੇ ਮਕਸਦ ਬਾਰੇ ਕੋਈ ਅਟਕਲ ਨਹੀਂ ਲਗਾਉਣਾ ਚਾਹੁੰਦੀ।
ਟੋਰਾਂਟੋ ਪੁਲਿਸ ਮੁਤਾਬਕ ਬੈਲਮੀ ਰੋਡ ਨਾਰਥ ਅਤੇ ਲਾਰੈਂਸ ਐਵੇਨਿਊ ਈਸਟ ਇਲਾਕੇ ਵਿੱਚ ਤੜਕੇ ਕਰੀਬ 1:20 ਵਜੇ ਅੱਗ ਲੱਗਣ ਕਾਰਨ ਕੁੱਲ ਤਿੰਨ ਵਾਹਨ ਨੁਕਸਾਨੇ ਗਏ। ਪੁਲਿਸ ਅਜੇ ਇਸ ਘਟਨਾ ਨੂੰ ਸਲਮਾ ਜ਼ਾਹਿਦ ਨਾਲ ਸਿੱਧੇ ਤੌਰ 'ਤੇ ਨਹੀਂ ਜੋੜ ਰਹੀ।
ਪੁਲਿਸ ਇਲਾਕੇ ਦੀਆਂ ਸਰਵੇਲੈਂਸ ਵੀਡੀਓਜ਼ ਦੀ ਜਾਂਚ ਕਰ ਰਹੀ ਹੈ ਅਤੇ ਗਵਾਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਲਮਾ ਜ਼ਾਹਿਦ 2015 ਤੋਂ ਸਕਾਰਬਰੋ ਸੈਂਟਰ ਦੀ ਸੰਸਦ ਮੈਂਬਰ ਹਨ।