ਪੋਇਲੀਵਰ ਦੀ ਲੀਡਰਸ਼ਿਪ ’ਤੇ ਕੰਜ਼ਰਵੇਟਿਵ Mp's ਵਿੱਚ ਚਿੰਤਾ
ਕੰਜ਼ਰਵੇਟਿਵ ਪਾਰਟੀ ਦੇ ਕੁਝ ਐਮਪੀਜ਼ ਨੇ ਪਾਰਟੀ ਆਗੂ ਪੀਅਰ ਪੋਇਲੀਵਰ ਦੀ ਲੀਡਰਸ਼ਿਪ ਨੂੰ ਲੈ ਕੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਇੱਕ ਮੀਡਿਆ ਅਦਾਰੇ ਨੇ ਕੰਜ਼ਰਵੇਟਿਵ ਕਾਕਸ ਦੇ 17 ਐਮਪੀਜ਼ ਨਾਲ ਗੱਲ ਕੀਤੀ ਅਤੇ ਸਾਰਿਆਂ ਨੂੰ ਆਪਣੀ ਪਛਾਣ ਗੁਪਤ ਰੱਖਣ ਦੀ ਇਜਾਜ਼ਤ ਦਿੱਤੀ ਗਈ। ਕੁਝ ਐਮਪੀਜ਼ ਦਾ ਮੰਨਣਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਤੱਕ ਪੋਇਲੀਵਰ ਸ਼ਾਇਦ ਪਾਰਟੀ ਦੇ ਆਗੂ ਨਾ ਰਹਿਣ। ਇਹ ਚਿੰਤਾ ਇੱਕ Nanos Research ਪੋਲ ਤੋਂ ਬਾਅਦ ਵਧੀ ਹੈ। ਪੋਲ ਮੁਤਾਬਕ 33 ਫੀਸਦੀ ਕੈਨੇਡੀਅਨਾਂ ਨੇ ਕਿਹਾ ਕਿ ਕੋਈ ਵੀ ਕੰਜ਼ਰਵੇਟਿਵ ਆਗੂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਨਹੀਂ ਹਰਾ ਸਕਦਾ। ਸਟੀਫਨ ਹਾਰਪਰ ਨੂੰ 16 ਫੀਸਦੀ ਅਤੇ ਪੋਇਲੀਵਰ ਨੂੰ 15 ਫੀਸਦੀ ਸਮਰਥਨ ਮਿਲਿਆ।
ਐਮਪੀਜ਼ ਮੁਤਾਬਕ ਪੋਇਲੀਵਰ ਨੂੰ ਅਲਬਰਟਾ ਸਮੇਤ ਪੱਛਮੀ ਕੈਨੇਡਾ ਵਿੱਚ ਮਜ਼ਬੂਤ ਸਮਰਥਨ ਹੈ, ਪਰ ਓਨਟਾਰੀਓ ਪਾਰਟੀ ਲਈ ਵੱਡੀ ਚਿੰਤਾ ਬਣਿਆ ਹੋਇਆ ਹੈ। ਇੱਕ ਐਮਪੀ ਨੇ ਕਿਹਾ ਕਿ ਪਾਰਟੀ “ਓਨਟਾਰੀਓ ਵਿੱਚ ਅਸਲ ਮੁਸ਼ਕਲ ਵਿੱਚ ਹੈ।” ਕੁਝ ਐਮਪੀਜ਼ ਨੇ ਪੋਇਲੀਵਰ ਦਾ ਸਮਰਥਨ ਕੀਤਾ, ਜਦਕਿ ਇੱਕ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਹਾਊਸ ਆਫ ਕਾਮਨਜ਼ 21 ਸਤੰਬਰ ਨੂੰ ਮੁੜ ਬੈਠੇਗੀ, ਜਿਸ ਤੋਂ ਬਾਅਦ ਪੋਇਲੀਵਰ ਦੀ ਲੀਡਰਸ਼ਿਪ ਲਈ ਕਾਕਸ ਦਾ ਸਮਰਥਨ ਮਹੱਤਵਪੂਰਨ ਹੋਵੇਗਾ।