ਅਮਰੀਕਾ ਵੱਲੋਂ ORGANISED CRIME ਦੇ ਮਾਮਲੇ ਵਿਚ ਫੜੇ ਗਏ BC ਦੇ ਵਿਅਕਤੀ ਦਾ ਪੁਰਾਣ ਰਿਕਾਰਡ ਜਨਤਕ

ਅਮਰੀਕਾ ਵੱਲੋਂ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੇ ਮਾਮਲੇ ਵਿੱਚ ਦੋਸ਼ ਲਗਾਏ ਗਏ ਬੀ.ਸੀ. ਦੇ ਰਹਿਣ ਵਾਲੇ ਗੁਰਤੇਜ ਸਿੰਘ ਸਮਾਘ, ਜੋ ਰਾਜ ਸਮਾਘ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਬਾਰੇ ਨਵੇਂ ਅਦਾਲਤੀ ਅਤੇ ਇਮੀਗ੍ਰੇਸ਼ਨ ਰਿਕਾਰਡ ਸਾਹਮਣੇ ਆਏ ਹਨ।

ਰਿਕਾਰਡਾਂ ਮੁਤਾਬਕ, ਸਮਾਘ ਨੂੰ 2007 ਵਿੱਚ ਅਮਰੀਕਾ ਵਿੱਚ ਸਰਹੱਦ ਪਾਰ ਮਾਰਿਜੁਆਨਾ ਦੀ ਤਸਕਰੀ ਦੇ ਦੋਸ਼ ਵਿੱਚ ਨੌਂ ਮਹੀਨੇ ਦੀ ਸਜ਼ਾ ਹੋਈ ਸੀ। ਇਸ ਤੋਂ ਬਾਅਦ 2008 ਵਿੱਚ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦਾ ਹੁਕਮ ਜਾਰੀ ਹੋਇਆ, ਪਰ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਪਰਿਵਾਰਕ ਹਾਲਾਤ ਅਤੇ ਕਮਿਊਨਿਟੀ ਦੇ ਸਮਰਥਨ ਨੂੰ ਦੇਖਦੇ ਹੋਏ ਉਹ ਹੁਕਮ ਰੱਦ ਕਰ ਦਿੱਤਾ।

ਹੁਣ ਅਮਰੀਕੀ ਨਿਆਂ ਵਿਭਾਗ ਨੇ ਸਮਾਘ ਸਮੇਤ 24 ਸ਼ੱਕੀਆਂ ਖ਼ਿਲਾਫ਼ ਕਾਰਵਾਈ ਦਾ ਐਲਾਨ ਕੀਤਾ ਹੈ। ਦੋਸ਼ ਹੈ ਕਿ ਉਹ ਭਾਰਤ ਅਧਾਰਿਤ ਅਪਰਾਧੀ ਗਿਰੋਹਾਂ ਨਾਲ ਜੁੜੇ ਹੋਏ ਸਨ ਅਤੇ ਹਰ ਹਫ਼ਤੇ ਅਮਰੀਕਾ ਤੋਂ ਕੈਨੇਡਾ ਵਿੱਚ ਵੱਡੀ ਮਾਤਰਾ ਵਿੱਚ ਕੋਕੇਨ ਅਤੇ ਮੈਥਐਮਫੈਟਾਮੀਨ ਦੀ ਤਸਕਰੀ ਕਰਦੇ ਸਨ।

ਅਮਰੀਕੀ ਦੋਸ਼ਾਂ ਅਨੁਸਾਰ ਸਮਾਘ ਖੇਤੀਬਾੜੀ ਵਾਲੇ ਟਰੱਕਾਂ ਵਿੱਚ ਨਸ਼ੀਲੇ ਪਦਾਰਥ ਲੁਕਾ ਕੇ ਸਰਹੱਦ ਪਾਰ ਭੇਜਦਾ ਸੀ ਅਤੇ ਕਥਿਤ ਤੌਰ 'ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਇੱਕ ਕਰਮਚਾਰੀ ਤੋਂ ਸਰਹੱਦੀ ਜਾਂਚ ਬਾਰੇ ਜਾਣਕਾਰੀ ਵੀ ਹਾਸਲ ਕਰਦਾ ਸੀ।

ਇਸ ਮਾਮਲੇ ਵਿੱਚ ਰਵਿੰਦਰ ਸਿੰਘ ਢੰਡਾ ਅਤੇ ਜਸਕਰਨ ਬਾਘੜੀ ਵੀ ਸਹਿ-ਦੋਸ਼ੀ ਹਨ। ਤਿੰਨਾਂ ਨੂੰ ਵੈਨਕੂਵਰ ਵਿੱਚ ਐਕਸਟ੍ਰਾਡੀਸ਼ਨ ਐਕਟ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕਾਰਵਾਈ 'ਤੇ ਪ੍ਰਕਾਸ਼ਨ ਪਾਬੰਦੀ ਲਾਗੂ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਬੀ.ਸੀ. ਵਿੱਚ EXTORTION ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਸਫ਼ਲਤਾ ਹੈ।

ਇਸ ਲੇਖ ਨੂੰ ਸਾਂਝਾ ਕਰੋ: