ਪ੍ਰਿੰਸ ਜਾਰਜ ਵਿੱਚ Pulp Mill ਪੱਕੇ ਤੌਰ 'ਤੇ ਬੰਦ ਕਰਨ ਦਾ ਐਲਾਨ, 300 ਨੋਕਰੀਆ ਖਤਰੇ 'ਚ
ਬੀ.ਸੀ. ਦੇ ਪ੍ਰਿੰਸ ਜਾਰਜ ਸਥਿਤ ਨੌਰਥਵੁੱਡ ਪਲਪ ਮਿੱਲ ਨੂੰ ਪੱਕੇ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਕਰੀਬ 300 ਕਰਮਚਾਰੀਆਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ। ਕੈਨਫੋਰ ਕਾਰਪੋਰੇਸ਼ਨ ਦੀ ਪ੍ਰਧਾਨ ਸੂਜ਼ਨ ਯੁਰਕੋਵਿਚ ਨੇ ਕਿਹਾ ਕਿ ਪਲਪ ਡਿਵੀਜ਼ਨ ਲੰਬੇ ਸਮੇਂ ਤੋਂ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ 'ਤੇ ਪਲਪ ਦੀ ਵੱਧ ਸਪਲਾਈ ਕਾਰਨ ਕੀਮਤਾਂ ਵਿੱਚ ਗਿਰਾਵਟ ਆਈ ਹੈ, ਜਦਕਿ ਸਥਾਨਕ ਪੱਧਰ 'ਤੇ ਲੱਕੜ ਦੇ ਕੱਚੇ ਮਾਲ ਦੀ ਘਾਟ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਕੰਪਨੀ ਮੁਤਾਬਕ ਇਹ ਫੈਸਲਾ ਕਰਮਚਾਰੀਆਂ ਦੀ ਕਾਰਗੁਜ਼ਾਰੀ ਨਾਲ ਨਹੀਂ, ਸਗੋਂ ਬਾਜ਼ਾਰ ਦੀਆਂ ਮੁਸ਼ਕਲ ਹਾਲਤਾਂ ਨਾਲ ਜੁੜਿਆ ਹੈ। ਕੈਨਫੋਰ ਨੇ ਪ੍ਰਭਾਵਿਤ ਕਰਮਚਾਰੀਆਂ ਨੂੰ ਸੇਵਰੈਂਸ ਪੈਕੇਜ ਅਤੇ ਹੋਰ ਯੂਨਿਟਾਂ ਵਿੱਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉੱਧਰ, ਬੀ.ਸੀ. ਦੇ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰ ਹੋਣ ਵਾਲੇ ਕਰਮਚਾਰੀਆਂ ਲਈ ਨਵੀਆਂ ਨੌਕਰੀਆਂ ਲੱਭਣ ਵਿੱਚ ਮਦਦ ਕਰੇਗੀ।