Winnipeg ਵਿੱਚ $970,000 ਦੇ ਨਸ਼ੀਲੇ ਪਦਾਰਥ ਬਰਾਮਦ, 9 ਵਿਅਕਤੀਆਂ ਖ਼ਿਲਾਫ਼ ਕਾਰਵਾਈ

ਕੈਨੇਡਾ ਦੇ Manitoba ਸੂਬੇ ਦੇ Winnipeg ਸ਼ਹਿਰ ਤੋਂ ਨਸ਼ਾ ਤਸਕਰੀ ਖ਼ਿਲਾਫ਼ ਇੱਕ ਵੱਡੀ ਪੁਲਿਸ ਕਾਰਵਾਈ ਦੀ ਖ਼ਬਰ ਸਾਹਮਣੇ ਆਈ ਹੈ। Winnipeg Police ਅਤੇ Ontario Provincial Police ਵੱਲੋਂ ਸਾਂਝੇ ਤੌਰ ਉੱਤੇ ਕੀਤੀ ਗਈ ਜਾਂਚ ਦੌਰਾਨ ਲਗਭਗ 9 ਲੱਖ 70 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਜਾਂਚ ਨੂੰ Project Pink Panther ਦਾ ਨਾਮ ਦਿੱਤਾ ਹੈ। ਪੁਲਿਸ ਅਨੁਸਾਰ ਇਹ ਜਾਂਚ ਦਸੰਬਰ 2025 ਵਿੱਚ ਸ਼ੁਰੂ ਹੋਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਨਸ਼ੀਲੇ ਪਦਾਰਥ Ontario, British Columbia ਅਤੇ Alberta ਤੋਂ Winnipeg ਲਿਆਂਦੇ ਜਾ ਰਹੇ ਸਨ। ਪੁਲਿਸ ਨੇ Winnipeg, Toronto, Brampton ਅਤੇ Alliston ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਲਗਭਗ 29 ਕਿਲੋ Methamphetamine, 12 ਕਿਲੋ Cocaine, 3 ਕਿਲੋ Ketamine, 25 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਲਗਭਗ 1 ਲੱਖ 26 ਹਜ਼ਾਰ ਡਾਲਰ ਨਕਦੀ, ਛੇ ਹਥਿਆਰ ਅਤੇ ਚਾਰ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ। ਇਸ ਮਾਮਲੇ ਵਿੱਚ Winnipeg ਦੇ ਛੇ ਅਤੇ Ontario ਦੇ ਤਿੰਨ ਵਿਅਕਤੀਆਂ ਸਮੇਤ ਕੁੱਲ ਨੌਂ ਵਿਅਕਤੀ ਡਰੱਗ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਸੂਬਿਆਂ ਵਿਚਕਾਰ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ।

ਇਸ ਲੇਖ ਨੂੰ ਸਾਂਝਾ ਕਰੋ: